ਬਿਹਤਰ ਖਪਤਕਾਰ ਸੇਵਾਵਾਂ ਲਈ ਮੋਬਾਇਲ ਨੰਬਰ ਅਤੇ ਈ-ਮੇਲ ਅਪਡੇਟ ਕਰਨ ਖਪਤਕਾਰ : ਇੰਜੀ. ਹਰਵਿੰਦਰ ਸਿੰਘ
ਪੀ.ਐਸ.ਪੀ.ਸੀ.ਐਲ. ਵੱਲੋਂ ਖਪਤਕਾਰਾਂ ਨੂੰ ਕਿਊ.ਆਰ. ਕੋਡ ਰਾਹੀਂ ਸੰਪਰਕ ਜਾਣਕਾਰੀ ਅਪਡੇਟ ਕਰਨ ਦੀ ਅਪੀਲ

ਮਾਲੇਰਕੋਟਲਾ, 17 ਸਤੰਬਰ ( ਸੂਤਰ )

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵੱਲੋਂ ਖਪਤਕਾਰਾਂ ਨੂੰ ਹੋਰ ਬਿਹਤਰ ਅਤੇ ਤੇਜ਼ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਆਪਣੇ ਬਿਜਲੀ ਕੁਨੈਕਸ਼ਨ ਨਾਲ ਸਬੰਧਤ ਮੋਬਾਇਲ ਨੰਬਰ ਅਤੇ ਈ-ਮੇਲ ਆਈ.ਡੀ. ਅਪਡੇਟ ਕਰਨ ਦੀ ਅਪੀਲ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸੀਅਨ ਪੀ.ਐਸ.ਪੀ.ਸੀ.ਐਲ. ਇੰਜੀ. ਹਰਵਿੰਦਰ ਸਿੰਘ ਨੇ ਦੱਸਿਆ ਕਿ ਖਪਤਕਾਰਾਂ ਦੇ ਸਹੀ ਅਤੇ ਅਪਡੇਟ ਸੰਪਰਕ ਵੇਰਵੇ ਵਿਭਾਗ ਅਤੇ ਖਪਤਕਾਰਾਂ ਦਰਮਿਆਨ ਪ੍ਰਭਾਵਸ਼ਾਲੀ ਸੰਚਾਰ ਲਈ ਬੇਹੱਦ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਮੋਬਾਇਲ ਨੰਬਰ ਅਤੇ ਈ-ਮੇਲ ਅਪਡੇਟ ਹੋਣ ਨਾਲ ਖਪਤਕਾਰਾਂ ਨੂੰ ਬਿਜਲੀ ਬਿੱਲਾਂ ਅਤੇ ਹੋਰ ਜ਼ਰੂਰੀ ਸੂਚਨਾਵਾਂ ਸਮੇਂ ਸਿਰ ਪ੍ਰਾਪਤ ਕਰਨ ਵਿੱਚ ਸਹੂਲਤ ਹੋਵੇਗੀ ਅਤੇ ਖਪਤਕਾਰ ਸੇਵਾਵਾਂ ਨੂੰ ਹੋਰ ਤੇਜ਼ ਤੇ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ।

ਉਨ੍ਹਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਵੱਲੋਂ ਇਸ ਪ੍ਰਕਿਰਿਆ ਨੂੰ ਖਪਤਕਾਰਾਂ ਲਈ ਸਰਲ ਬਣਾਉਂਦਿਆਂ ਕਿਊ.ਆਰ. ਕੋਡ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਖਪਤਕਾਰ ਜਾਰੀ ਕੀਤੇ ਗਏ ਕਿਊ.ਆਰ. ਕੋਡ ਨੂੰ ਆਪਣੇ ਮੋਬਾਇਲ ਫੋਨ ਰਾਹੀਂ ਸਕੈਨ ਕਰਕੇ ਆਪਣੇ ਸੰਪਰਕ ਵੇਰਵੇ ਅਪਡੇਟ ਕਰ ਸਕਦੇ ਹਨ। ਇੰਜੀ. ਹਰਵਿੰਦਰ ਸਿੰਘ ਨੇ ਸਮੂਹ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਮੋਬਾਇਲ ਨੰਬਰ ਜਾਂ ਈ-ਮੇਲ ਵੇਰਵੇ ਬਿਜਲੀ ਕੁਨੈਕਸ਼ਨ ਨਾਲ ਅਪਡੇਟ ਨਹੀਂ ਹਨ ਜਾਂ ਬਦਲ ਚੁੱਕੇ ਹਨ, ਉਹ ਇਨ੍ਹਾਂ ਨੂੰ ਅਪਡੇਟ ਕਰਨ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਸਹੀ ਸੰਪਰਕ ਜਾਣਕਾਰੀ ਨਾਲ ਖਪਤਕਾਰਾਂ ਤੱਕ ਲੋੜੀਂਦੀ ਜਾਣਕਾਰੀ ਸਮੇਂ ਸਿਰ ਪਹੁੰਚਾਉਣ ਦੇ ਨਾਲ-ਨਾਲ ਬਿਹਤਰ ਅਤੇ ਤੇਜ਼ ਖਪਤਕਾਰ ਸੇਵਾਵਾਂ ਯਕੀਨੀ ਬਣਾਉਣ ਵਿੱਚ ਵੀ ਮਦਦ ਮਿਲੇਗੀ



