ਸਬ-ਸੈਂਟਰ ਨੁਕੇਰੀਆਂ ਅਧੀਨ ਮੰਡੀ ਅਮੀਨ ਗੰਜ (ਰੋੜਾਂ ਵਾਲੀ) ਵਿਖੇ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਜਾਗਰੂਕਤਾ ਤੇ ਚੈਕਿੰਗ ਮੁਹਿੰਮ

ਫਾਜ਼ਿਲਕਾ 2 ਸਤੰਬਰ ( ਸੂਤਰ )
ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ, ਜ਼ਿਲ੍ਹਾ ਐੱਨ.ਟੀ.ਸੀ.ਪੀ. ਨੋਡਲ ਅਫ਼ਸਰ ਡਾ. ਪੰਕਜ ਚੋਹਾਨ ਅਤੇ ਪੀ.ਐੱਚ.ਸੀ. ਜੰਡਵਾਲਾ ਭੀਮੇਸ਼ਾਹ ਦੇ ਐੱਸ.ਐੱਮ.ਓ. ਡਾ. ਵਿਕਾਸ ਗਾਂਧੀ ਦੀ ਯੋਗ ਅਗਵਾਈ ਹੇਠ ਸਬ-ਸੈਂਟਰ ਨੁਕੇਰੀਆਂ ਅਧੀਨ ਮੰਡੀ ਅਮੀਨ ਗੰਜ (ਰੋੜਾਂ ਵਾਲੀ) ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਜਾਗਰੂਕਤਾ ਅਤੇ ਚੈਕਿੰਗ ਮੁਹਿੰਮ ਚਲਾਈ ਗਈ।

ਮੁਹਿੰਮ ਦੌਰਾਨ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੇ ਸਿਹਤ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਨੂੰ ਜਨਤਕ ਥਾਵਾਂ ’ਤੇ ਧੂੰਮਰਪਾਨ ਨਾ ਕਰਨ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਨਾ ਵੇਚਣ, ਤੰਬਾਕੂ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ ਤੋਂ ਗੁਰੇਜ਼ ਕਰਨ ਅਤੇ ਕੋਟਪਾ ਐਕਟ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੌਕੇ ’ਤੇ ਹੀ ਕਾਰਵਾਈ ਕਰਦਿਆਂ ਜੁਰਮਾਨੇ ਕੀਤੇ ਗਏ।

ਐੱਸ.ਆਈ. ਲਖਵਿੰਦਰ ਸਿੰਘ ਨੇ ਕਿਹਾ ਕਿ ਤੰਬਾਕੂ ਦਾ ਸੇਵਨ ਕੈਂਸਰ, ਦਿਲ ਅਤੇ ਫੇਫੜਿਆਂ ਨਾਲ ਸੰਬੰਧਿਤ ਕਈ ਗੰਭੀਰ ਬਿਮਾਰੀਆਂ ਦਾ ਮੁੱਖ ਕਾਰਨ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੰਬਾਕੂ ਤੋਂ ਦੂਰ ਰਹਿਣ, ਕੋਟਪਾ ਐਕਟ ਦੀ ਪਾਲਣਾ ਕਰਨ ਅਤੇ ਆਪਣੇ ਪਰਿਵਾਰ ਤੇ ਸਮਾਜ ਨੂੰ ਵੀ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨ, ਤਾਂ ਜੋ ਤੰਬਾਕੂ-ਮੁਕਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

ਇਸ ਮੌਕੇ ਐੱਸ.ਆਈ. ਲਖਵਿੰਦਰ ਸਿੰਘ, ਬਲਾਕ ਐੱਨ.ਟੀ.ਸੀ.ਪੀ. ਡੀਲਿੰਗ ਜਸਪਾਲ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਮਾਨ, ਅਮਨਦੀਪ ਸਿੰਘ, ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।




