ਜ਼ਿਲ੍ਹਾ ਮੈਜਿਸਟਰੇਟ ਵਲੋਂ ਕੰਬਾਇਨਾਂ ਨਾਲ ਝੋਨੇ ਦੀ ਫਸਲ ਕੱਟਣ ‘ਤੇ ਸ਼ਾਮ 6 ਤੋਂ ਸਵੇਰ 10 ਵਜੇ ਤੱਕ ਪਾਬੰਦੀ

ਮਾਲੇਰਕੋਟਲਾ 21 ਸਤੰਬਰ ( ਸੂਤਰ )

ਜ਼ਿਲ੍ਹਾ ਮੈਜਿਸਟਰੇਟ ਵਿਰਾਜ ਐਸ. ਤਿੜਕੇ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐਨ.ਐਸ.ਐਸ) 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਅੰਦਰ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨੇ ਦੀ ਫਸਲ ਕੱਟਣ ਦੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ।

ਉਹਨਾਂ ਕਿਹਾ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਆਮ ਤੌਰ ਤੇ ਇਹ ਵੇਖਣ ਵਿੱਚ ਆਂਉਦਾ ਹੈ ਕਿ ਝੋਨੇ ਦੀ ਕਟਾਈ ਲਈ ਕੰਬਾਇਨਾਂ ਦੇਰ ਰਾਤ ਤੱਕ ਚਲਾਈਆਂ ਜਾਂਦੀਆਂ ਹਨ। ਰਾਤ ਸਮੇਂ ਕੱਟਿਆ ਗਿੱਲਾ/ਹਰਾ ਝੋਨਾਂ ਜਦੋਂ ਮੰਡੀਆਂ ਵਿੱਚ ਵਿਕਣ ਲਈ ਜਾਂਦਾ ਹੈ ਤਾਂ ਨਮੀ ਪ੍ਰਵਾਨਿਤ ਹੱਦ ਨਾਲੋਂ ਜਿਆਦਾ ਹੋਣ ਕਰਕੇ ਖਰੀਦ ਏਜੰਸੀਆਂ ਝੋਨੇ ਦੀ ਖ਼ਰੀਦ ਕਰਨ ਤੋਂ ਝਿਜਕਦੀਆਂ ਹਨ। ਜਿਸ ਨਾਲ ਜਿੱਥੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ, ਉੱਥੇ ਅਸਿੱਧਾ ਅਸਰ ਦੇਸ਼ ਦੇ ਉਤਪਾਦਨ ਤੇ ਵੀ ਪੈਂਦਾ ਹੈ। ਝੋਨਾ ਨਾ ਵਿਕਣ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ, ਜਿਸ ਨਾਲ ਅਮਨ ਕਾਨੂੰਨ ਭੰਗ ਹੋਣ ਦੀ ਸਥਿਤੀ ਉਤਪੰਨ ਹੁੰਦੀ ਹੈ।

ਉਹਨਾਂ ਕਿਹਾ ਕਿ ਪੁਰਾਣੀਆਂ ਹਾਰਵੈਸਟਰ ਕੰਬਾਇਨਾਂ ਝੋਨੇ ਦੀ ਕੁਆਲਿਟੀ ਨੂੰ ਬੁਰੀ ਤਰਾਂ ਪ੍ਰਭਾਵਿਤ ਕਰਦੀਆਂ ਹਨ, ਮਕੈਨੀਕਲ ਨੁਕਸ ਹੋਣ ਕਾਰਨ ਟੁੱਟੇ ਦਾਣਿਆਂ ਦੀ ਮਾਤਰਾ ਵੀ ਮਾਪਦੰਡਾਂ ਤੋਂ ਕਾਫੀ ਵੱਧ ਜਾਂਦੀ ਹੈ। ਜਿਸ ਕਾਰਨ ਖਰੀਦ ਏਜੰਸੀਆਂ ਝੋਨਾ ਖਰੀਦਣ ਤੋਂ ਹਿਚਕਚਾਉਂਦੀਆਂ ਹਨ। ਝੋਨੇ ਦੀ ਕਟਾਈ ਸਮੇਂ ਝੋਨੇ ਦੀ ਕੁਆਲਿਟੀ ਖਰਾਬ ਹੋਣ ਤੋਂ ਰੋਕਣ ਲਈ ਕੰਬਾਇਨਾਂ ਦੇ ਮਾਲਕ ਕਟਾਈ ਤੋਂ ਪਹਿਲਾਂ ਪੁਰਾਣੀਆਂ ਹਾਰਵੈਸਟਰ ਕੰਬਾਈਨਜ਼ ਦੀ ਨਿਰਮਾਤਾ ਕੰਪਨੀ ਅਤੇ ਖੇਤੀਬਾੜੀ ਵਿਭਾਗ ਮੁੱਖ ਖੇਤੀਬਾੜੀ ਅਫਸਰ ਤੋਂ ਇੰਸਪੈਕਸ਼ਨ ਕਰਵਾਉਣ ਅਤੇ ਕੋਈ ਵੀ ਕੰਬਾਇਨ ਹਾਰਵੈਸਟਰ ਸੁਪਰ ਐਸ.ਐਮ.ਐਸ ਲਗਾਏ ਬਗੈਰ ਨਾ ਵਰਤੀ ਜਾਵੇ । ਇਹ ਹੁਕਮ 15 ਨਵੰਬਰ 2026 ਤੱਕ ਲਾਗੂ ਰਹਿਣਗੇ।



