Uncategorized

ਓਵਰਲੋਡਿੰਗ ਅਤੇ ‘ਜੁਗਾੜੂ’ ਵਾਹਨਾਂ ਵਿਰੁੱਧ ਆਰ.ਟੀ.ਓ. ਵੱਲੋਂ ਸਖ਼ਤ ਰੁਖ਼, ਨਿਯਮਾਂ ਦੀ ਉਲੰਘਣਾ ’ਤੇ ਹੋਵੇਗੀ ਕਾਰਵਾਈ

ਸੜਕ ਸੁਰੱਖਿਆ ਨਾਲ ਸਮਝੌਤਾ ਕਰਨ ਵਾਲੇ ਵਾਹਨਾਂ ਦੀ ਹੋਵੇਗੀ ਵਿਸ਼ੇਸ਼ ਜਾਂਚ : ਕਰਨਬੀਰ ਸਿੰਘ ਛੀਨਾ

ਮਾਲੇਰਕੋਟਲਾ, 18 ਸਤੰਬਰ ( ਸੂਤਰ )


ਸੜਕ ਹਾਦਸਿਆਂ ਦੇ ਖ਼ਤਰੇ ਨੂੰ ਘਟਾਉਣ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਮੱਦੇਨਜ਼ਰ ਰਿਜਨਲ ਟਰਾਂਸਪੋਰਟ ਅਫ਼ਸਰ ਕਰਨਬੀਰ ਸਿੰਘ ਛੀਨਾ ਨੇ ਵਾਹਨ ਚਾਲਕਾਂ ਅਤੇ ਟਰਾਂਸਪੋਰਟਰਾਂ ਨੂੰ ਓਵਰਲੋਡਿੰਗ ਅਤੇ ਅਣਅਧਿਕਾਰਤ ਢੰਗ ਨਾਲ ਤਿਆਰ ਕੀਤੇ ‘ਜੁਗਾੜੂ’ ਵਾਹਨਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਦੀ ਹਦਾਇਤ ਕੀਤੀ ਹੈ।

ਰਿਜਨਲ ਟਰਾਂਸਪੋਰਟ ਅਫ਼ਸਰ ਨੇ ਕਿਹਾ ਕਿ ਵਾਹਨ ਦੀ ਨਿਰਧਾਰਤ ਸਮਰੱਥਾ ਤੋਂ ਵੱਧ ਭਾਰ ਲੱਦਣਾ ਨਾ ਸਿਰਫ਼ ਆਵਾਜਾਈ ਨਿਯਮਾਂ ਦੀ ਉਲੰਘਣਾ ਹੈ, ਸਗੋਂ ਇਹ ਸੜਕ ’ਤੇ ਚੱਲਣ ਵਾਲੇ ਹੋਰ ਲੋਕਾਂ ਦੀ ਸੁਰੱਖਿਆ ਲਈ ਵੀ ਗੰਭੀਰ ਖ਼ਤਰਾ ਪੈਦਾ ਕਰ ਸਕਦਾ ਹੈ। ਵੱਧ ਭਾਰ ਕਾਰਨ ਵਾਹਨ ਨੂੰ ਕਾਬੂ ਕਰਨ ਅਤੇ ਸਮੇਂ ਸਿਰ ਰੋਕਣ ਵਿੱਚ ਮੁਸ਼ਕਲ ਆ ਸਕਦੀ ਹੈ, ਜਿਸ ਨਾਲ ਹਾਦਸੇ ਦਾ ਖ਼ਤਰਾ ਵਧਦਾ ਹੈ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਵਾਹਨਾਂ ਦੇ ਮੂਲ ਢਾਂਚੇ ਵਿੱਚ ਅਣਅਧਿਕਾਰਤ ਤਬਦੀਲੀਆਂ ਕਰਕੇ ਤਿਆਰ ਕੀਤੇ ਗਏ ‘ਜੁਗਾੜੂ’ ਵਾਹਨ ਵੀ ਸੜਕ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਹਨ। ਅਜਿਹੇ ਵਾਹਨਾਂ ਦੀ ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਮੋਟਰ ਵਾਹਨ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਕਰਨਬੀਰ ਸਿੰਘ ਛੀਨਾ ਨੇ ਕਿਹਾ ਕਿ ਵਿਭਾਗ ਦਾ ਮਕਸਦ ਕੇਵਲ ਕਾਰਵਾਈ ਕਰਨਾ ਨਹੀਂ, ਸਗੋਂ ਵਾਹਨ ਚਾਲਕਾਂ ਵਿੱਚ ਜ਼ਿੰਮੇਵਾਰ ਅਤੇ ਸੁਰੱਖਿਅਤ ਆਵਾਜਾਈ ਪ੍ਰਤੀ ਵਿਹਾਰਕ ਸੋਚ ਵਿਕਸਿਤ ਕਰਨਾ ਵੀ ਹੈ। ਉਨ੍ਹਾਂ ਟਰਾਂਸਪੋਰਟਰਾਂ ਨੂੰ ਅਪੀਲ ਕੀਤੀ ਕਿ ਮਾਲ ਦੀ ਢੋਆ-ਢੁਆਈ ਵਾਹਨ ਦੀ ਮਨਜ਼ੂਰਸ਼ੁਦਾ ਸਮਰੱਥਾ ਅਨੁਸਾਰ ਹੀ ਕੀਤੀ ਜਾਵੇ ਅਤੇ ਵਾਹਨ ਵਿੱਚ ਕਿਸੇ ਕਿਸਮ ਦੀ ਅਣਅਧਿਕਾਰਤ ਤਬਦੀਲੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੁਰੱਖਿਅਤ ਸੜਕਾਂ ਸਿਰਫ਼ ਨਿਯਮ ਲਾਗੂ ਕਰਨ ਨਾਲ ਨਹੀਂ, ਸਗੋਂ ਹਰ ਵਾਹਨ ਚਾਲਕ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਨਾਲ ਬਣਦੀਆਂ ਹਨ।

Related Articles

Leave a Reply

Your email address will not be published. Required fields are marked *

Back to top button
error: Content is protected !!