Uncategorized

ਕੂੜਾ ਚੁੱਕਵਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਅਫਸਰਾਂ ਨੂੰ ਬਦਲਵੇਂ ਪ੍ਰਬੰਧ ਕਰਨ ਦੇ ਹੁਕਮ

ਸਿਹਤ ਵਿਭਾਗ ਨੂੰ ਲਾਰਵਾ-ਵਿਰੋਧੀ ਮੁਹਿੰਮ ਅਤੇ ਫੌਗਿੰਗ ਨੂੰ ਤੇਜ਼ ਕਰਨ ਦੇ ਨਿਰਦੇਸ਼

ਕਪੂਰਥਲਾ 31 ਜੁਲਾਈ ( ਸੂਤਰ )


ਸੁਲਤਾਨਪੁਰ ਲੋਧੀ, ਬੇਗੋਵਾਲ, ਭੁਲੱਥ, ਨਢਾਲਾ ਅਤੇ ਢਿਲਵਾਂ ਦੀਆਂ ਨਗਰ ਕੌਂਸਲਾਂ/ਨਗਰ ਪੰਚਾਇਤਾਂ ਵਿੱਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਜਨਤਕ ਸਿਹਤ ਸੁਰੱਖਿਆ ਅਤੇ ਸਫ਼ਾਈ ਸੇਵਾਵਾਂ ਨੂੰ ਬਿਨਾਂ ਕਿਸੇ ਰੁਕਾਵਟ ਯਕੀਨੀ ਬਣਾਉਣ ਲਈ ‘ਪੰਜਾਬ ਮਿਉਂਸੀਪਲ ਐਕਟ, 1911’ ਦੀ ਧਾਰਾ 233 ਅਤੇ 234 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਬੰਧਤ ਕਾਰਜਸਾਧਕ ਅਫ਼ਸਰਾਂ ਨੂੰ ਤੁਰੰਤ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਫ਼ਾਈ ਸੇਵਾਵਾਂ ਠੱਪ ਹੋਣ ਕਾਰਨ ਥਾਂ-ਥਾਂ ਕੂੜਾ ਇਕੱਠਾ ਹੋ ਗਿਆ ਹੈ। ਮਾਨਸੂਨ ਦੇ ਮੌਸਮ ਵਿੱਚ ਇਹ ਕੂੜਾ ਨਾਲੀਆਂ ਨੂੰ ਬੰਦ ਕਰ ਸਕਦਾ ਹੈ, ਜਿਸ ਨਾਲ ਪਾਣੀ ਅਤੇ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਇਹ ਸਥਿਤੀ ਲੋਕਾਂ ਦੀ ਸਿਹਤ ਲਈ ਬਹੁਤ ਘਾਤਕ ਸਿੱਧ ਹੋ ਸਕਦੀ ਹੈ।

ਸਥਿਤੀ ਨੂੰ ਜਨਤਕ ਸਿਹਤ ਲਈ ਖਤਰਾ ਮੰਨਦਿਆਂ, ਡਿਪਟੀ ਕਮਿਸ਼ਨਰ ਨੇ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਠੇਕੇ ‘ਤੇ ਸਟਾਫ਼ ਰੱਖ ਕੇ, ਆਊਟਸੋਰ ਕਰਮਚਾਰੀ ਅਤੇ ਗੱਡੀਆਂ/ਮਸ਼ੀਨਰੀ ਕਿਰਾਏ ‘ਤੇ ਲੈ ਕੇ ਜਾਂ ਦੂਜੇ ਵਿਭਾਗਾਂ ਦੇ ਅਮਲੇ ਦੀ ਤੈਨਾਤੀ ਕਰਕੇ ਤੁਰੰਤ ਇਕੱਠੇ ਹੋਏ ਕੂੜੇ ਨੂੰ ਚੁੱਕਣ, ਉਸ ਦੀ ਢੋਆ-ਢੁਆਈ ਕਰਨ ਅਤੇ ਵਾਤਾਵਰਨ ਪੱਖੋਂ ਸਹੀ ਨਿਪਟਾਰੇ ਨੂੰ ਯਕੀਨੀ ਬਣਾਉਣ।

ਉਨ੍ਹਾਂ ਆਦੇਸ਼ ਦਿੱਤੇ ਕਿ ਹਸਪਤਾਲਾਂ, ਡਿਸਪੈਂਸਰੀਆਂ, ਸਕੂਲਾਂ, ਬਾਜ਼ਾਰਾਂ, ਬੱਸ ਸਟੈਂਡਾਂ, ਜਲ ਸਰੋਤਾਂ, ਨਾਲਿਆਂ ਅਤੇ ਹੋਰ ਸੰਵੇਦਨਸ਼ੀਲ ਤੇ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਸਫ਼ਾਈ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਪ੍ਰਭਾਵਿਤ ਥਾਵਾਂ ‘ਤੇ ਮੱਛਰਾਂ/ਲਾਰਵੇ ਦੇ ਖ਼ਾਤਮੇ, ਫੌਗਿੰਗ, ਡਿਸਇਨਫੈਕਸ਼ਨ ਅਤੇ ਕਲੋਰੀਨੇਸ਼ਨ ਲਈ ਕਾਰਜਸਾਧਕ ਅਫ਼ਸਰਾਂ ਨਾਲ ਤਾਲਮੇਲ ਕਰਨ, ਅਤੇ ਨਾਲ ਹੀ ਦਵਾਈਆਂ ਦੀ ਢੁਕਵੀਂ ਉਪਲਬਧਤਾ ਅਤੇ ਐਮਰਜੈਂਸੀ ਡਾਕਟਰੀ ਤਿਆਰੀਆਂ ਯਕੀਨੀ ਬਣਾਉਣ।

ਉਨ੍ਹਾਂ ਅੱਗੇ ਹੁਕਮ ਦਿੱਤੇ ਕਿ ਇਹਨਾਂ ਹੰਗਾਮੀ ਪ੍ਰਬੰਧਾਂ ‘ਤੇ ਹੋਣ ਵਾਲਾ ਖ਼ਰਚਾ ਸਬੰਧਤ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਮਿਉਂਸੀਪਲ ਫੰਡਾਂ ਵਿੱਚੋਂ ਕੀਤਾ ਜਾਵੇਗਾ, ਅਤੇ ਇਸ ਦਾ ਪੂਰਾ ਰਿਕਾਰਡ ਤੇ ਹਿਸਾਬ-ਕਿਤਾਬ ਬਾਅਦ ਵਿੱਚ ਪ੍ਰਵਾਨਗੀ ਲਈ ਰੱਖਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਭੁਲੱਥ ਅਤੇ ਸੁਲਤਾਨਪੁਰ ਲੋਧੀ ਦੇ ਐਸ.ਡੀ.ਐਮਜ਼ ਦੇ ਨਾਲ-ਨਾਲ ਪ੍ਰਭਾਵਿਤ ਸਥਾਨਕ ਸੰਸਥਾਵਾਂ ਦੇ ਈ.ਓਜ਼. ਨੂੰ ਰੋਜ਼ਾਨਾ ਚੁੱਕੇ ਗਏ ਕੂੜੇ, ਕਵਰ ਕੀਤੇ ਗਏ ਇਲਾਕਿਆਂ ਬਾਰੇ ਰੋਜ਼ਾਨਾ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ। ਇਹ ਆਦੇਸ਼ ਸਫ਼ਾਈ ਸੇਵਾਵਾਂ ਆਮ ਵਾਂਗ ਬਹਾਲ ਹੋਣ ਜਾਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੀ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!