ਟੈਕਸ ਚੋਰੀ ਖ਼ਿਲਾਫ਼ ਵੱਡੀ ਕਾਰਵਾਈ: ਬਕਾਇਆ ਆਬਕਾਰੀ ਮਾਲੀਆ ਨਾ ਭਰਨ ਵਾਲਾ ਡਿਫਾਲਟਰ ਲਾਇਸੰਸੀ ਗ੍ਰਿਫ਼ਤਾਰ

ਅੰਮ੍ਰਿਤਸਰ, 29 ਜੁਲਾਈ ( ਸੂਤਰ )

ਪੰਜਾਬ ਸਰਕਾਰ ਵੱਲੋਂ ਟੈਕਸ ਚੋਰੀ ਖ਼ਿਲਾਫ਼ Zero Tolerance ਦੀ ਨੀਤੀ ਤਹਿਤ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਮਾਣਯੋਗ ਆਬਕਾਰੀ ਤੇ ਕਰ ਮੰਤਰੀ ਪੰਜਾਬ ਸ੍ਰੀ ਹਰਪਾਲ ਸਿੰਘ ਚੀਮਾ ਦੀ ਰਹਿਨੁਮਾਈ, ਵਧੀਕ ਮੁੱਖ ਸਕੱਤਰ (ਆਬਕਾਰੀ) ਸ੍ਰੀ ਡੀ. ਕੇ. ਤਿਵਾੜੀ, ਆਈ.ਏ.ਐਸ., ਆਬਕਾਰੀ ਕਮਿਸ਼ਨਰ ਪੰਜਾਬ ਸ੍ਰੀ ਜਤਿੰਦਰਾ ਜੋਰਵਾਲ, ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਕਮਿਸ਼ਨਰ (ਆਬਕਾਰੀ), ਜਲੰਧਰ ਜੋਨ ਸ੍ਰੀ ਰਣਜੀਤ ਸਿੰਘ ਦੀ ਅਗਵਾਈ ਹੇਠ ਆਬਕਾਰੀ ਰੇਂਜ ਅੰਮ੍ਰਿਤਸਰ ਦੀ ਟੀਮ ਨੇ ਬਕਾਇਆ ਆਬਕਾਰੀ ਮਾਲੀਆ ਦੀ ਵਸੂਲੀ ਲਈ ਵੱਡੀ ਕਾਰਵਾਈ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਡੀ. ਐਸ. ਚੀਮਾ, ਸਹਾਇਕ ਕਮਿਸ਼ਨਰ (ਆਬਕਾਰੀ), ਅੰਮ੍ਰਿਤਸਰ ਰੇਂਜ ਨੇ ਦੱਸਿਆ ਕਿ ਡਿਫਾਲਟਰ ਲਾਇਸੰਸੀ ਸ੍ਰੀ ਰਾਕੇਸ਼ ਕੁਮਾਰ ਉਰਫ਼ ਰਾਕੇਸ਼ ਭਨੋਟ, ਪੁੱਤਰ ਸ੍ਰੀ ਮੰਗਤ ਰਾਮ, ਵਾਸੀ ਪਿੰਡ ਰੂਪੋਵਾਲੀ ਬ੍ਰਾਹਮਣਾਂ, ਸਿਆਲਕਾ, ਜ਼ਿਲ੍ਹਾ ਅੰਮ੍ਰਿਤਸਰ ਨੂੰ ਪੰਜਾਬ ਲੈਂਡ ਰੈਵਨਿਊ ਐਕਟ, 1887 ਦੀ ਧਾਰਾ 69(1) ਅਧੀਨ ਮਿਤੀ 28 ਜੁਲਾਈ 2026 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੀ ਅਗਵਾਈ ਸ੍ਰੀ ਇੰਦਰਜੀਤ ਸਿੰਘ ਸਹਿਜਰਾ, ਆਬਕਾਰੀ ਅਫ਼ਸਰ, ਤਰਨ ਤਾਰਨ ਅਤੇ ਸ੍ਰੀ ਲਲਿਤ ਕੁਮਾਰ, ਆਬਕਾਰੀ ਅਫ਼ਸਰ, ਅੰਮ੍ਰਿਤਸਰ-1 ਅਤੇ 2 ਵੱਲੋਂ ਕੀਤੀ ਗਈ। ਕਾਰਵਾਈ ਵਿੱਚ ਸ੍ਰੀ ਕਰਨ ਸ਼ਰਮਾ, ਸ੍ਰੀ ਰਾਮ ਮੂਰਤੀ, ਸ੍ਰੀ ਹਿਤੇਸ਼ ਪ੍ਰਭਾਕਰ ਸਮੇਤ ਸਮੂਹ ਆਬਕਾਰੀ ਨਿਰੀਖਕ ਵੀ ਸ਼ਾਮਲ ਸਨ।

ਸਹਾਇਕ ਕਮਿਸ਼ਨਰ (ਆਬਕਾਰੀ) ਨੇ ਕਿਹਾ ਕਿ ਆਬਕਾਰੀ ਵਿਭਾਗ ਪੰਜਾਬ ਪੁਰਾਣੇ ਬਕਾਇਆ ਆਬਕਾਰੀ ਮਾਲੀਏ ਦੀ ਵਸੂਲੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਰਕਾਰੀ ਮਾਲੀਆ ਦੀ ਰਿਕਵਰੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਸਮੂਹ ਲਾਇਸੰਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦਾ ਵੀ ਆਬਕਾਰੀ ਮਾਲੀਆ ਬਕਾਇਆ ਹੈ, ਉਹ ਇਸ ਨੂੰ ਤੁਰੰਤ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਉਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਖ਼ਤ ਕਾਰਵਾਈ ਕਰਦਿਆਂ ਗ੍ਰਿਫ਼ਤਾਰੀਆਂ ਅਤੇ ਐੱਫ.ਆਈ.ਆਰ. ਦਰਜ ਕੀਤੀਆਂ ਜਾਣਗੀਆਂ।



