Uncategorized

ਬਰਸਾਤੀ ਸੀਜਨ ਦੌਰਾਨ ਮੱਛੀਆਂ ਦੇ ਬਚਾਅ ਲਈ ਮੱਛੀ ਪਾਲਕਾਂ ਨੂੰ ਐਡਵਾਈਜਰੀ ਜਾਰੀ

ਪਾਣੀ ਦੇ ਓਵਰਫਲੋ ਨਾਲ ਮੱਛੀ ਨਾ ਜਾਵੇ ਤਲਾਅ ਤੋਂ ਬਾਹਰ, ਪਾਣੀ ਦੇ ਸਤਰ ਨੂੰ ਕੀਤਾ ਜਾਵੇ ਘੱਟ- ਸਹਾਇਕ ਡਾਇਰੈਕਟਰ

ਮਾਲੇਰਕੋਟਲਾ, 10 ਜੁਲਾਈ ( ਵਾਸ਼ਿਸ਼ਟ )


ਮਾਨਸੂਨ ਦੇ ਸੀਜ਼ਨ ਦੀ ਸ਼ੁਰੂਆਤ ਨੂੰ ਧਿਆਨ ਵਿੱਚ ਰੱਖਦਿਆਂ ਸਹਾਇਕ ਡਾਇਰੈਕਟਰ ਮੱਛੀ ਪਾਲਣ ਤੇਜਿੰਦਰ ਸਿੰਘ ਵੱਲੋਂ ਮੱਛੀ ਪਾਲਕ ਕਿਸਾਨਾਂ ਨੂੰ ਬਰਸਾਤ ਦੇ ਮੌਸਮ ਦੌਰਾਨ ਮੱਛੀ ਪਾਲਣ ਨਾਲ ਸਬੰਧਤ ਸੰਭਾਵਿਤ ਨੁਕਸਾਨਾਂ ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਅਪਣਾਉਣ ਦੀ ਅਪੀਲ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਭਾਵੇਂ ਮਾਨਸੂਨ ਦਾ ਮੌਸਮ ਮੱਛੀ ਪਾਲਣ ਲਈ ਅਨੁਕੂਲ ਮੰਨਿਆ ਜਾਂਦਾ ਹੈ, ਪਰ ਭਾਰੀ ਬਰਸਾਤ ਕਾਰਨ ਤਲਾਬਾਂ ਵਿੱਚ ਵੱਧ ਪਾਣੀ ਆਉਣ, ਪਾਣੀ ਦੀ ਗੁਣਵੱਤਾ ਵਿੱਚ ਤਬਦੀਲੀ, ਬੰਨ੍ਹਾਂ ਦੇ ਨੁਕਸਾਨ ਅਤੇ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਕਿਸਾਨ ਤਲਾਬਾਂ ਦੇ ਬੰਨ੍ਹਾਂ ਦੀ ਨਿਯਮਿਤ ਜਾਂਚ ਕਰਨ ਅਤੇ ਉਨ੍ਹਾਂ ਦੀ ਉਚਾਈ ਪਾਣੀ ਦੀ ਸਤ੍ਹਾ ਤੋਂ ਘੱਟੋ-ਘੱਟ ਦੋ ਫੁੱਟ ਰੱਖਣ, ਤਾਂ ਜੋ ਵਾਧੂ ਪਾਣੀ ਕਾਰਨ ਮੱਛੀਆਂ ਤਲਾਬ ਤੋਂ ਬਾਹਰ ਨਾ ਨਿਕਲ ਸਕਣ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਆਲੇ-ਦੁਆਲੇ ਦੇ ਖੇਤਾਂ ਦਾ ਬਰਸਾਤੀ ਪਾਣੀ ਤਲਾਬ ਵਿੱਚ ਦਾਖਲ ਨਾ ਹੋਵੇ ਅਤੇ ਬੰਨ੍ਹਾਂ ਦੇ ਦੋਵੇਂ ਪਾਸਿਆਂ ‘ਤੇ ਘਾਹ ਲਗਾ ਕੇ ਕਟਾਅ ਤੋਂ ਬਚਾਅ ਕੀਤਾ ਜਾਵੇ।

ਸਹਾਇਕ ਡਾਇਰੈਕਟਰ ਨੇ ਕਿਹਾ ਕਿ ਭਾਰੀ ਬਰਸਾਤ ਕਾਰਨ ਪਾਣੀ ਮਟਮੈਲਾ ਹੋਣ ਨਾਲ ਤਲਾਬ ਵਿੱਚ ਘੁੱਲੀ ਆਕਸੀਜਨ ਦੀ ਮਾਤਰਾ ਘੱਟ ਸਕਦੀ ਹੈ। ਅਜਿਹੀ ਸਥਿਤੀ ਵਿੱਚ ਵਿਭਾਗ ਦੀ ਸਿਫ਼ਾਰਸ਼ ਅਨੁਸਾਰ ਚੂਨੇ ਦੀ ਵਰਤੋਂ ਕੀਤੀ ਜਾਵੇ ਅਤੇ ਲੋੜ ਪੈਣ ‘ਤੇ ਏਅਰੇਟਰ ਚਲਾ ਕੇ ਆਕਸੀਜਨ ਦੀ ਮਾਤਰਾ ਵਧਾਈ ਜਾਵੇ। ਉਨ੍ਹਾਂ ਦੱਸਿਆ ਕਿ ਬਰਸਾਤੀ ਪਾਣੀ ਕਾਰਨ ਪਾਣੀ ਦਾ ਪੀ.ਐੱਚ. ਪੱਧਰ ਵੀ ਘੱਟ ਸਕਦਾ ਹੈ, ਜਿਸ ਨੂੰ ਸੰਤੁਲਿਤ ਰੱਖਣ ਲਈ ਸਮੇਂ-ਸਮੇਂ ‘ਤੇ ਚੂਨੇ ਦੀ ਵਰਤੋਂ ਕਰਨੀ ਜ਼ਰੂਰੀ ਹੈ।

ਉਨ੍ਹਾਂ ਮੱਛੀ ਪਾਲਕਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਲਗਾਤਾਰ ਬੱਦਲਵਾਈ ਜਾਂ ਮੀਂਹ ਵਾਲੇ ਦਿਨਾਂ ਵਿੱਚ ਮੱਛੀਆਂ ਨੂੰ ਘੱਟ ਮਾਤਰਾ ਵਿੱਚ ਖੁਰਾਕ ਦਿੱਤੀ ਜਾਵੇ, ਕਿਉਂਕਿ ਇਸ ਦੌਰਾਨ ਮੱਛੀਆਂ ਦੀ ਖੁਰਾਕ ਲੈਣ ਦੀ ਸਮਰੱਥਾ ਘੱਟ ਜਾਂਦੀ ਹੈ। ਮੌਸਮ ਸਾਫ਼ ਹੋਣ ਉਪਰੰਤ ਹੀ ਆਮ ਮਾਤਰਾ ਵਿੱਚ ਖੁਰਾਕ ਦਿੱਤੀ ਜਾਵੇ, ਤਾਂ ਜੋ ਪਾਣੀ ਦੀ ਗੁਣਵੱਤਾ ਅਤੇ ਮੱਛੀਆਂ ਦੀ ਸਿਹਤ ਬਰਕਰਾਰ ਰਹੇ।

Related Articles

Leave a Reply

Your email address will not be published. Required fields are marked *

Back to top button
error: Content is protected !!