ਲੋਕਾਂ ਦੇ ਬੂਹੇ ’ਤੇ ਸਰਕਾਰ ਦੇ ਕੰਮਾਂ ਦਾ ਹਿਸਾਬ ਲੈ ਕੇ ਪੁੱਜੇ ਡਾ. ਜਮੀਲ ਉਰ ਰਹਿਮਾਨ; ਵਾਰਡ ਨੰਬਰ 11 ਤੋਂ ‘ਮਾਨ ਦੇ ਮੁਨਾਫ਼ੇ’ ਮੁਹਿੰਮ ਨੂੰ ਦਿੱਤੀ ਰਫ਼ਤਾਰ
ਕਿਹਾ, ਸਰਕਾਰੀ ਸਹੂਲਤਾਂ ਦਾ ਅਸਲ ਮਤਲਬ ਉਦੋਂ ਹੈ ਜਦੋਂ ਉਨ੍ਹਾਂ ਨਾਲ ਆਮ ਪਰਿਵਾਰ ਦੀ ਜ਼ਿੰਦਗੀ ਸੁਖਾਲੀ ਹੋਵੇ ਅਤੇ ਘਰੇਲੂ ਖ਼ਰਚਿਆਂ ਨੂੰ ਰਾਹਤ ਮਿਲੇ

ਮਾਲੇਰਕੋਟਲਾ, 22 ਸਤੰਬਰ ( ਸੂਤਰ )

ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਵਾਰਡ ਨੰਬਰ 11 ਵਿੱਚ ਘਰ-ਘਰ ਪਹੁੰਚ ਕੇ ਲੋਕਾਂ ਨਾਲ ਸਿੱਧੀ ਸਾਂਝ ਪਾਉਂਦਿਆਂ ਆਮ ਆਦਮੀ ਪਾਰਟੀ ਦੀ ‘ਮਾਨ ਦੇ ਮੁਨਾਫ਼ੇ’ਘਰ ਤੋਂ ਘਰ ਮੁਹਿੰਮ ਤਹਿਤ ਪੰਜਾਬ ਸਰਕਾਰ ਦੇ ਪਿਛਲੇ ਸਾਢੇ ਚਾਰ ਸਾਲਾਂ ਦੇ ਕੰਮਾਂ ਅਤੇ ਵੱਖ-ਵੱਖ ਲੋਕ-ਭਲਾਈ ਪਹਿਲਕਦਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।


ਡਾ. ਰਹਿਮਾਨ ਨੇ ਬਜ਼ੁਰਗਾਂ, ਮਹਿਲਾਵਾਂ, ਨੌਜਵਾਨਾਂ ਅਤੇ ਹੋਰ ਵਸਨੀਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਰਾਏ ਅਤੇ ਸੁਝਾਅ ਵੀ ਸੁਣੇ। ਉਨ੍ਹਾਂ ਕਿਹਾ ਕਿ ਲੋਕਾਂ ਤੱਕ ਸਰਕਾਰ ਦੇ ਕੰਮਾਂ ਦੀ ਜਾਣਕਾਰੀ ਪਹੁੰਚਾਉਣ ਦੇ ਨਾਲ ਉਨ੍ਹਾਂ ਦੇ ਤਜਰਬੇ ਅਤੇ ਉਮੀਦਾਂ ਨੰ੍ ਜਾਣਨਾ ਵੀ ਇਸ ਮੁਹਿੰਮ ਦਾ ਅਹਿਮ ਹਿੱਸਾ ਹੈ।

ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬਿਜਲੀ, ਸਿਹਤ, ਸਿੱਖਿਆ, ਔਰਤਾਂ ਲਈ ਮੁਫ਼ਤ ਬੱਸ ਸਫ਼ਰ, ਤੀਰਥ ਯਾਤਰਾ ਅਤੇ ਹੋਰ ਲੋਕ-ਭਲਾਈ ਸਹੂਲਤਾਂ ਰਾਹੀਂ ਪਰਿਵਾਰਾਂ ਦੇ ਰੋਜ਼ਾਨਾ ਖ਼ਰਚਿਆਂ ਨੂੰ ਘਟਾਉਣ ਦੇ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਯੋਜਨਾ ਦੀ ਸਾਰਥਕਤਾ ਇਸ ਗੱਲ ਵਿੱਚ ਹੈ ਕਿ ਉਸ ਦਾ ਲਾਭ ਲੋੜਵੰਦ ਵਿਅਕਤੀ ਤੱਕ ਪਹੁੰਚੇ ਅਤੇ ਉਸ ਦੇ ਘਰੇਲੂ ਬਜਟ ਵਿੱਚ ਅਸਲ ਰਾਹਤ ਨਜ਼ਰ ਆਵੇ।

ਡਾ. ਰਹਿਮਾਨ ਨੇ ਦੱਸਿਆ ਕਿ ਪਾਰਟੀ ਵੱਲੋਂ ਕੀਤੇ ਮੁਲਾਂਕਣ ਅਨੁਸਾਰ ਵੱਖ-ਵੱਖ ਸਰਕਾਰੀ ਸਹੂਲਤਾਂ ਨੂੰ ਮਿਲਾ ਕੇ ਇੱਕ ਆਮ ਪਰਿਵਾਰ ਨੂੰ ਸਾਲਾਨਾ ਕਰੀਬ 1.82 ਲੱਖ ਰੁਪਏ ਤੱਕ ਦੇ ਲਾਭ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੇ ਘਰ ਨੂੰ ਮਿਲੀਆਂ ਸਹੂਲਤਾਂ ਅਤੇ ਹੋਈ ਬੱਚਤ ਦੇ ਆਧਾਰ ’ਤੇ ਇਸ ਦਾ ਖ਼ੁਦ ਮੁਲਾਂਕਣ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ‘ਮਾਨ ਦੇ ਮੁਨਾਫ਼ੇ’ ਮੁਹਿੰਮ ਨੂੰ ਮਾਲੇਰਕੋਟਲਾ ਦੇ ਹਰ ਵਾਰਡ,ਪਿੰਡ ਅਤੇ ਹਰ ਘਰ ਤੱਕ ਲਿਜਾਇਆ ਜਾਵੇਗਾ, ਤਾਂ ਜੋ ਲੋਕਾਂ ਨਾਲ ਸਿੱਧਾ ਰਾਬਤਾ ਬਣੇ ਅਤੇ ਉਨ੍ਹਾਂ ਦੀਆਂ ਲੋੜਾਂ ਤੇ ਸੁਝਾਅ ਵੀ ਸਾਹਮਣੇ ਆ ਸਕਣ।

ਡਾ. ਜਮੀਲ ਉਰ ਰਹਿਮਾਨ ਨੇ ਕਿਹਾ, “ਲੋਕ ਸਿਰਫ਼ ਸਕੀਮਾਂ ਦੇ ਨਾਂ ਨਹੀਂ, ਆਪਣੇ ਘਰ ਵਿੱਚ ਪਿਆ ਅਸਰ ਦੇਖਦੇ ਹਨ। ਸਾਡੀ ਕੋਸ਼ਿਸ਼ ਹੈ ਕਿ ਸਰਕਾਰੀ ਸਹੂਲਤ ਦਾ ਲਾਭ ਆਮ ਪਰਿਵਾਰ ਦੀ ਰੋਜ਼ਮਰ੍ਹਾ ਜ਼ਿੰਦਗੀ ਵਿੱਚ ਰਾਹਤ ਵਜੋਂ ਮਹਿਸੂਸ ਹੋਵੇ।”ਇਸ ਮੌਕੇ ਐਮ.ਸੀ ਮੁਨਸੀ ਫਾਰੂਕ, ਐਮ.ਸੀ ਅਸ਼ਰਫ ਮੋਟਾ, ਐਮ.ਸੀ ਨੂਰਦੀਨ, ਸਾਬਕਾ ਐਮ.ਸੀ ਅਬਦੁਲ ਲਤੀਫ਼ ਪੱਪੂ, ਸ਼ਮਸ਼ਾਦ ਜੁਬੈਰੀ , ਬਲਾਕ ਪ੍ਰਧਾਨ ਅਸਲਮ ਭੱਟੀ, ਜੁਬੈਰੀ,ਤਾਹਿਰ ਰਾਵਤ, ਦਾਊਦ ਅਲੀ,ਨਸੀਰ ਭੋਲਾ,ਰਿਆਸਤ ਅਲੀ ਬੱਗਾ, ਹਾਜ਼ੀ ਖੁਸ਼ੀ ਸਾਗਰ ਪੈਲੇਸ,ਚੌਧਰੀ ਉਮਰ ਦੀਨ,ਹਾਜ਼ੀ ਜਮੀਲ,ਗੁਲਜ਼ਾਰ ਕਾਕਾ,,ਹਾਜ਼ੀ ਸੱਤਾਰ, ਸਮੇਤ ਹੋਰ ਪਾਰਟੀ ਵਰਕਰ ਮੌਜੂਦ ਸਨ ।




