Uncategorized

‘ਮਹਾਂ-ਸਫਾਈ ਅਭਿਆਨ’ ਤਹਿਤ ਮਾਲੇਰਕੋਟਲਾ ਦੀਆਂ ਸੜਕਾਂ ਨੂੰ ਮਿਲੀ ਸਵੱਛਤਾ ਦੀ ਨਵੀਂ ਛੋਹ

ਗੁਰਦੁਆਰਾ ਹਾਅ-ਦਾ-ਨਾਹਰਾ ਤੋਂ ਕੋਰਟ ਕੰਪਲੈਕਸ ਰੋਡ ਅਤੇ ਰੈਸਟ ਹਾਊਸ ਤੱਕ ਚਲਾਈ ਗਈ ਵਿਸ਼ੇਸ਼ ਸਫਾਈ ਮੁਹਿੰਮ

ਮਾਲੇਰਕੋਟਲਾ, 19 ਸਤੰਬਰ ( ਸੂਤਰ )


ਸ਼ਹਿਰੀ ਖੇਤਰਾਂ ਵਿੱਚ ਸਵੱਛਤਾ ਨੂੰ ਜਨ-ਅੰਦੋਲਨ ਦਾ ਰੂਪ ਦੇਣ ਲਈ ਚਲਾਏ ਜਾ ਰਹੇ ‘ਮਹਾਂ-ਸਫਾਈ ਅਭਿਆਨ’ ਅਤੇ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਸ਼ਹਿਰ ਦੇ ਅਹਿਮ ਮਾਰਗ ’ਤੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਗੁਰਦੁਆਰਾ ਹਾਅ-ਦਾ-ਨਾਹਰਾ ਤੋਂ ਕੋਰਟ ਕੰਪਲੈਕਸ ਰੋਡ ਅਤੇ ਰੈਸਟ ਹਾਊਸ ਤੱਕ ਸੜਕਾਂ ਦੇ ਕਿਨਾਰਿਆਂ, ਜਨਤਕ ਥਾਵਾਂ ਅਤੇ ਆਲੇ-ਦੁਆਲੇ ਦੇ ਖੇਤਰ ਦੀ ਸਫਾਈ ਕਰਦਿਆਂ ਇਕੱਠੀ ਹੋਈ ਰਹਿੰਦ-ਖੂੰਹਦ ਨੂੰ ਹਟਾਇਆ ਗਿਆ। ਇਸ ਉਪਰਾਲੇ ਦਾ ਮਕਸਦ ਸਿਰਫ਼ ਸਫਾਈ ਕਰਨਾ ਹੀ ਨਹੀਂ, ਸਗੋਂ ਸ਼ਹਿਰ ਵਾਸੀਆਂ ਵਿੱਚ ‘ਸਾਫ਼ ਥਾਂ—ਸਾਂਝੀ ਜ਼ਿੰਮੇਵਾਰੀ’ ਦੀ ਸੋਚ ਨੂੰ ਮਜ਼ਬੂਤ ਕਰਨਾ ਵੀ ਹੈ।


ਇਸ ਮੁਹਿੰਮ ਦੌਰਾਨ ਇਲਾਕਾ ਨਿਵਾਸੀਆਂ ਨਾਲ ਸਿੱਧਾ ਸੰਪਰਕ ਕਰਕੇ ਉਨ੍ਹਾਂ ਨੂੰ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼-2026 ਬਾਰੇ ਜਾਣਕਾਰੀ ਦਿੱਤੀ ਗਈ ਅਤੇ ਘਰਾਂ ਤੇ ਵਪਾਰਕ ਅਦਾਰਿਆਂ ਵਿੱਚ ਚਾਰ ਪ੍ਰਕਾਰ ਦੇ ਡਸਟਬਿਨ ਰੱਖਣ ਅਤੇ ਕੂੜੇ ਦੀ ਸਰੋਤ ਪੱਧਰ ’ਤੇ ਹੀ ਸਹੀ ਛਾਂਟੀ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਦੌਰਾਨ ਵੱਖ-ਵੱਖ ਕੀਤਾ ਗਿਆ ਪਲਾਸਟਿਕ ਇਕੱਠਾ ਕਰਕੇ ਉਸ ਦੀਆਂ ਬੇਲਾਂ ਤਿਆਰ ਕੀਤੀਆਂ ਗਈਆਂ, ਇਸ ਤਹਿਤ ਕਰੀਬ 66 ਕੁਇੰਟਲ ਪਲਾਸਟਿਕ ਦੀਆਂ ਬੇਲਾਂ ਦੀ ਵਿਕਰੀ ਕੀਤੀ ਗਈ।

ਇਸ ਸਬੰਧੀ ਸੈਨੀਟੇਰੀ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਪਲਾਸਟਿਕ ਦੀਆਂ ਬੇਲਾਂ ਸਫਾਈ ਸੇਵਕਾਂ ਵੱਲੋਂ ਘਰ-ਘਰ ਤੋਂ ਕੂੜਾ ਇਕੱਠਾ ਕਰਨ ਸਮੇਂ ਵੱਖ-ਵੱਖ ਕਿਸਮ ਦੇ ਪਲਾਸਟਿਕ ਨੂੰ ਅਲੱਗ ਕਰਕੇ ਤਿਆਰ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਪਲਾਸਟਿਕ ਨੂੰ ਇਕੱਠਾ ਕਰਕੇ ਬੇਲਾਂ ਦੇ ਰੂਪ ਵਿੱਚ ਤਿਆਰ ਕਰਨ ਨਾਲ ਇਸ ਨੂੰ ਮੁੜ ਵਰਤੋਂ ਲਈ ਭੇਜਣ ਵਿੱਚ ਸਹਾਇਤਾ ਮਿਲਦੀ ਹੈ। ਇਸ ਦੇ ਨਾਲ ਹੀ ਪਲਾਸਟਿਕ ਦੇ ਡੰਪ ਸਾਈਟ ’ਤੇ ਇਕੱਠਾ ਹੋਣ ਕਾਰਨ ਪੈਦਾ ਹੋਣ ਵਾਲੇ ਵਾਤਾਵਰਨ ਪ੍ਰਦੂਸ਼ਣ ਅਤੇ ਸੀਵਰੇਜ ਲਾਈਨਾਂ ਦੇ ਬਲਾਕ ਹੋਣ ਦੀ ਸਮੱਸਿਆ ਨੂੰ ਵੀ ਘਟਾਇਆ ਜਾ ਸਕਦਾ ਹੈ।

ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸਫਾਈ ਨੂੰ ਸਿਰਫ਼ ਇੱਕ ਦਿਨ ਦੀ ਗਤੀਵਿਧੀ ਤੱਕ ਸੀਮਤ ਨਾ ਰੱਖਦਿਆਂ ਇਸ ਨੂੰ ਰੋਜ਼ਾਨਾ ਦੀ ਨਾਗਰਿਕ ਆਦਤ ਬਣਾਇਆ ਜਾਵੇ। ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ, ਨਿਰਧਾਰਤ ਥਾਵਾਂ ਦੀ ਵਰਤੋਂ ਕਰਨ ਅਤੇ ਸਫਾਈ ਕਰਮਚਾਰੀਆਂ ਨਾਲ ਸਹਿਯੋਗ ਕਰਨ ਨਾਲ ਮਾਲੇਰਕੋਟਲਾ ਨੂੰ ਹੋਰ ਸੁਚੱਜਾ ਅਤੇ ਸਵੱਛ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਮੌਕੇ ਸੈਨੀਟੇਸ਼ਨ ਸੁਪਰਵਾਈਜਰ ਅਜਹਰ ਅਲੀ ਖਾਂ, ਸਵੱਛ ਮਿਸ਼ਨ ਤੋਂ ਰਾਜਪਾਲ ਕੌਰ, ਮੀਆ ਅਤੇ ਮੁਬੀਨ, ਮੋਟੀਵੇਟਰ ਮਾਨਵ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!