*ਮਿਸ਼ਨ ਪ੍ਰਗਤੀ : ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਅਤੇ ਫਿਜ਼ੀਕਲ ਟੈਸਟ ਸਬੰਧੀ ਤਿਆਰੀ ਅਕਤੂਬਰ 5 ਤੋਂ ਸ਼ੁਰੂ*
ਪਬਲਿਕ ਲਾਇਬ੍ਰੇਰੀ ਵਿਖੇ ਪੀ.ਐੱਸ.ਐੱਸ.ਐੱਸ.ਬੀ, ਐੱਸ.ਐੱਸ.ਸੀ.ਸੀ.ਜੀ.ਐੱਲ, ਬੈਂਕਿੰਗ, ਪੁਲਿਸ ਅਤੇ ਹਥਿਆਰਬੰਦ ਸੈਨਾਵਾਂ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ

ਬਠਿੰਡਾ, 19 ਸਤੰਬਰ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੌਜਵਾਨਾਂ ਨੂੰ ਪ੍ਰਗਤੀ ਤਹਿਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਅਤੇ ਫਿਜ਼ੀਕਲ ਟੈਸਟ ਸਬੰਧੀ ਤਿਆਰੀ ਕਰਵਾਈ ਜਾਂਦੀ ਹੈ। ਹੁਣ ਤਕ ਮਿਸ਼ਨ ਪ੍ਰਗਤੀ ਤਹਿਤ ਤਿੰਨ ਬੈਚ ‘ਚ ਕਰੀਬ 300 ਵਿਦਿਆਰਥੀ ਮੁਫ਼ਤ ਕੋਚਿੰਗ ਲੈ ਚੁੱਕੇ ਹਨ ਅਤੇ ਚੌਥੇ ਬੈਚ ਲਈ ਮੁਫ਼ਤ ਕੋਚਿੰਗ 5 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ ।

ਇਸ ਸੰਧੀ ਜਾਣਕਾਰੀ ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਪਬਲਿਕ ਲਾਇਬ੍ਰੇਰੀ, ਸਿਵਲ ਲਾਇੰਸ ਵਿਖੇ ਉਮੀਦਵਾਰਾਂ ਨੂੰ ਮੁਫ਼ਤ ਕੋਚਿੰਗ ਦੇਣ ਲਈ ਉੱਚ ਯੋਗਤਾ ਵਾਲੇ ਅਧਿਆਪਕ ਨਿਯੁਕਤ ਕੀਤੇ ਗਏ ਹਨ। ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਲੋੜੀਂਦੀ ਪੜ੍ਹਾਈ ਲਈ ਕਿਤਾਬਾਂ ਵੀ ਲਾਇਬ੍ਰੇਰੀ ਵਿੱਚ ਉਪਲਬਧ ਕਰਵਾਈਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਸਾਰੇ ਵਿਸ਼ਿਆਂ ਨਾਲ ਸਬੰਧਤ ਕਈ ਕਿਤਾਬਾਂ ਉਪਲਬਧ ਹਨ ਤਾਂ ਜੋ ਕਿਸੇ ਵੀ ਉਮੀਦਵਾਰ ਨੂੰ ਪੜ੍ਹਾਈ ਲਈ ਸਮੱਗਰੀ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ।

ਪਬਲਿਕ ਲਾਇਬ੍ਰੇਰੀ ਦੀ ਇੰਚਾਰਜ ਸਵਰਨਜੀਤ ਕੌਰ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਜਨਰਲ ਨੌਲਿਜ, ਗਣਿਤ, ਰੀਜ਼ਨਿੰਗ, ਪੰਜਾਬੀ ਅਤੇ ਅੰਗਰੇਜ਼ੀ ਦੀ ਸਿਖਲਾਈ ਦਿੱਤੀ ਜਾਂਦੀ ਹੈ। ਪੂਰਾ ਮਡਿਊਲ 90 ਦਿਨਾਂ ਦੀ ਮਿਆਦ ਵਿੱਚ ਤਿਆਰ ਕੀਤਾ ਗਿਆ ਹੈ।

ਜਿਥੇ ਪਬਲਿਕ ਲਾਇਬ੍ਰੇਰੀ ਵਿੱਚ ਮੁਫ਼ਤ ਲਿਖਤੀ ਕੋਚਿੰਗ ਕਲਾਸਾਂ ਚਲਾਈਆਂ ਜਾਂਦੀਆਂ ਹਨ, ਉੱਥੇ ਹੀ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਨੌਜਵਾਨਾਂ ਨੂੰ ਮੁਫ਼ਤ ਸਰੀਰਕ ਸਿਖਲਾਈ ਵੀ ਦਿੱਤੀ ਜਾਂਦੀ ਹੈ। ਸਮਰਪਿਤ ਸਰਕਾਰੀ ਕੋਚ ਭਾਰਤੀ ਫੌਜ, ਪੁਲਿਸ ਅਤੇ ਹੋਰ ਅਜਿਹੀਆਂ ਨੌਕਰੀਆਂ ਲਈ ਉਮੀਦਵਾਰਾਂ ਨੂੰ ਸਿਖਲਾਈ ਦਿੰਦੇ ਹਨ, ਜਿਨ੍ਹਾਂ ਵਿੱਚ ਸਰੀਰਕ ਯੋਗਤਾ ਟੈਸਟ ਲਾਜ਼ਮੀ ਹੁੰਦੇ ਹਨ। ਇਹ ਸਿਖਲਾਈ ਨੌਜਵਾਨਾਂ ਨੂੰ ਸੰਬੰਧਿਤ ਕੈਡਰ ਦੀ ਭਰਤੀ ਲਈ ਲੋੜੀਂਦੇ ਨਿਯਮਾਂ ਅਤੇ ਮਾਪਦੰਡਾਂ ਅਨੁਸਾਰ ਤਿਆਰ ਕਰਨ ਵਿੱਚ ਵਿਸ਼ੇਸ਼ ਤੌਰ ‘ਤੇ ਮਦਦਗਾਰ ਸਾਬਤ ਹੁੰਦੀ ਹੈ। ਸਟੇਡੀਅਮ ਵਿੱਚ ਸੀ-ਪਾਈਟ, ਖੇਡ ਵਿਭਾਗ ਅਤੇ ਪੁਲਸ ਦੇ ਕੋਚ ਅਗਨੀਵੀਰ, ਭਾਰਤੀ ਫੌਜ, ਪੰਜਾਬ ਪੁਲਿਸ ਆਦਿ ਦੀ ਭਰਤੀ ਲਈ ਹੋਣ ਵਾਲੇ ਸਰੀਰਕ ਟੈਸਟਾਂ ਦੀ ਸਿਖਲਾਈ ਦਿੰਦੇ ਹਨ। ਦਾਖਲੇ ਅਤੇ ਹੋਰ ਜਾਣਕਾਰੀ ਲਈ ਵਿਦਿਆਰਥੀ 0164-2970309 ‘ਤੇ ਸੰਪਰਕ ਕਰ ਸਕਦੇ ਹਨ।




