Uncategorized

ਸਾਲ 2026-27 ਤੋਂ ਸਾਰੀਆਂ ਸਕਾਲਰਸ਼ਿਪ ਯੋਜਨਾਵਾਂ ਲਈ ਅਰਜ਼ੀਆਂ ਸਿਰਫ਼ ਨੈਸ਼ਨਲ ਸਕਾਲਰਸ਼ਿਪ ਪੋਰਟਲ ਰਾਹੀਂ ਹੀ ਹੋਣਗੀਆਂ: ਮੁਕਲ ਬਾਵਾ

ਸਾਲ 2022 ਤੋਂ 2025 ਤੱਕ ਦੇ ਲਾਭਪਾਤਰੀ 15 ਅਗਸਤ ਤੋਂ ਪਹਿਲਾਂ ਆਧਾਰ ਨਾਲ ਬੈਂਕ ਖਾਤਿਆਂ ਦੀ ਸੀਡਿੰਗ ਕਰਵਾਉਣ - ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ

ਮਾਲੇਰਕੋਟਲਾ, 4 ਅਗਸਤ ( ਵਾਸ਼ਿਸ਼ਟ )


ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਮੁਕਲ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਾਲ 2026-27 ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਮੇਤ ਸਾਰੀਆਂ ਕੇਂਦਰ ਪ੍ਰਾਯੋਜਿਤ ਸਕਾਲਰਸ਼ਿਪ ਯੋਜਨਾਵਾਂ ਅਧੀਨ ਅਰਜ਼ੀਆਂ ਹੁਣ ਕੇਵਲ ਨੈਸ਼ਨਲ ਸਕਾਲਰਸ਼ਿਪ ਪੋਰਟਲ (ਐਨ.ਐੱਸ.ਪੀ.) ਰਾਹੀਂ ਹੀ ਸਵੀਕਾਰ ਕੀਤੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਯੋਜਨਾਵਾਂ ਵਿੱਚ ਅਨੁਸੂਚਿਤ ਜਾਤੀਆਂ (ਐੱਸ.ਸੀ.), ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.), ਆਰਥਿਕ ਤੌਰ ‘ਤੇ ਪੱਛੜੇ ਵਰਗ (ਈ.ਬੀ.ਸੀ.), ਡੀ-ਨੋਟੀਫਾਈਡ, ਘੁੰਮੰਤੂ ਅਤੇ ਅਰਧ-ਘੁੰਮੰਤੂ ਕਬੀਲੇ (ਡੀ.ਐਨ.ਟੀ.) ਅਤੇ ਟਾਪ ਕਲਾਸ ਐਜੂਕੇਸ਼ਨ ਸਕੀਮ ਸਮੇਤ ਹੋਰ ਯੋਗ ਸਕਾਲਰਸ਼ਿਪ ਯੋਜਨਾਵਾਂ ਸ਼ਾਮਲ ਹਨ। ਉਨ੍ਹਾਂ ਸਮੂਹ ਯੋਗ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਨੈਸ਼ਨਲ ਸਕਾਲਰਸ਼ਿਪ ਪੋਰਟਲ ‘ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਅਰਜ਼ੀਆਂ ਭਰਨ ਦੀ ਪ੍ਰਕਿਰਿਆ ਪੂਰੀ ਕਰਨ।

ਉਨ੍ਹਾਂ ਇਹ ਵੀ ਦੱਸਿਆ ਕਿ ਸਾਲ 2022-23 ਤੋਂ 2025-26 ਤੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਲਾਭ ਪ੍ਰਾਪਤ ਨਾ ਕਰ ਸਕੇ ਯੋਗ ਵਿਦਿਆਰਥੀਆਂ ਦੇ ਬਕਾਇਆ ਮਾਮਲਿਆਂ ਸਬੰਧੀ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਸਮੂਹ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੈਂਕ ਖਾਤਿਆਂ ਦੀ ਆਧਾਰ ਨਾਲ ਸੀਡਿੰਗ 15 ਅਗਸਤ ਤੋਂ ਪਹਿਲਾਂ ਪਹਿਲਾਂ ਲਾਜ਼ਮੀ ਤੌਰ ‘ਤੇ ਕਰਵਾਉਣ ਅਤੇ ਆਪਣੇ ਵੇਰਵਿਆਂ ਨੂੰ ਸਮੇਂ ਸਿਰ ਅਪਡੇਟ ਕਰਨਾ ਯਕੀਨੀ ਬਣਾਉਣ, ਤਾਂ ਜੋ ਸਕਾਲਰਸ਼ਿਪ ਦੀ ਰਾਸ਼ੀ ਜਾਰੀ ਕਰਨ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।

ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਨੇ ਜ਼ਿਲ੍ਹੇ ਦੇ ਸਮੂਹ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸੰਸਥਾਨਾਂ ਵਿੱਚ ਪੜ੍ਹਦੇ ਯੋਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਯੋਜਨਾਵਾਂ ਬਾਰੇ ਜਾਗਰੂਕ ਕਰਨ ਅਤੇ ਨੈਸ਼ਨਲ ਸਕਾਲਰਸ਼ਿਪ ਪੋਰਟਲ ‘ਤੇ ਸਮੇਂ ਸਿਰ ਰਜਿਸਟ੍ਰੇਸ਼ਨ ਅਤੇ ਅਰਜ਼ੀਆਂ ਭਰਨ ਲਈ ਪ੍ਰੇਰਿਤ ਕਰਨ, ਤਾਂ ਜੋ ਕੋਈ ਵੀ ਯੋਗ ਵਿਦਿਆਰਥੀ ਸਰਕਾਰ ਦੀਆਂ ਸਕਾਲਰਸ਼ਿਪ ਯੋਜਨਾਵਾਂ ਦੇ ਲਾਭ ਤੋਂ ਵਾਂਝਾ ਨਾ ਰਹੇ।

Related Articles

Leave a Reply

Your email address will not be published. Required fields are marked *

Back to top button
error: Content is protected !!