Uncategorized

ਸੜਕ ਹਾਦਸਾ ਪੀੜਤਾਂ ਦੀ ਮਦਦ ਕਰਨ ਵਾਲੇ “ਰਾਹ-ਵੀਰਾਂ” ਨੂੰ ਸਰਕਾਰ ਦੇਵੇਗੀ 25 ਹਜਾਰ ਰੁਪਏ ਦਾ ਇਨਾਮ

ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਅਤੇ ਹਾਦਸਾ ਪੀੜਤਾਂ ਦੀ ਮਦਦ ਨਾਲ ਬਚ ਸਕਦੀਆਂ ਨੇ ਕੀਮਤੀ ਜਾਨਾਂ- ਡਿਪਟੀ ਕਮਿਸ਼ਨਰ

ਮਾਲੇਰਕੋਟਲਾ, 30 ਜੁਲਾਈ ( ਵਾਸ਼ਿਸ਼ਟ )


ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਵਿਰਾਜ ਐਸ. ਤਿੜਕੇ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕ ਹਾਦਸਿਆਂ ਦੌਰਾਨ ਜ਼ਖ਼ਮੀ ਵਿਅਕਤੀਆਂ ਦੀ ਮਦਦ ਕਰਨ ਤੋਂ ਨਾ ਝਿਜਕਣ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਪੀ.ਐੱਮ. ਰਾਹਤ ਸਕੀਮ, ਹਿੱਟ ਐਂਡ ਰਨ ਮੁਆਵਜ਼ਾ ਸਕੀਮ ਅਤੇ ਰਾਹ-ਵੀਰ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਉਨ੍ਹਾਂ ਦੱਸਿਆ ਕਿ ਪੀ.ਐੱਮ. ਰਾਹਤ ਸਕੀਮ ਤਹਿਤ ਸੜਕ ਹਾਦਸੇ ਵਿੱਚ ਜ਼ਖ਼ਮੀ ਵਿਅਕਤੀ ਨੂੰ ਹਾਦਸੇ ਤੋਂ ਬਾਅਦ ਪਹਿਲੇ ਸੱਤ ਦਿਨਾਂ ਤੱਕ 1.50 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਹਾਦਸੇ ਤੋਂ ਬਾਅਦ ਦੇ ਪਹਿਲੇ 24 ਘੰਟੇ (ਗੋਲਡਨ ਆਵਰ) ਜਾਨ ਬਚਾਉਣ ਲਈ ਸਭ ਤੋਂ ਮਹੱਤਵਪੂਰਨ ਹੁੰਦੇ ਹਨ, ਇਸ ਲਈ ਹਸਪਤਾਲਾਂ ਨੂੰ ਤੁਰੰਤ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਯੋਜਨਾ ਦਾ ਲਾਭ ਭਾਰਤੀ ਅਤੇ ਵਿਦੇਸ਼ੀ ਨਾਗਰਿਕ ਵੀ ਲੈ ਸਕਦੇ ਹਨ ਅਤੇ ਵਾਹਨ ਦਾ ਬੀਮਾ ਹੋਣਾ ਵੀ ਲਾਜ਼ਮੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਹਿੱਟ ਐਂਡ ਰਨ ਮੁਆਵਜ਼ਾ ਸਕੀਮ ਤਹਿਤ ਦੋਸ਼ੀ ਵਾਹਨ ਦੀ ਪਛਾਣ ਨਾ ਹੋਣ ਦੀ ਸਥਿਤੀ ਵਿੱਚ ਮ੍ਰਿਤਕ ਦੇ ਕਾਨੂੰਨੀ ਵਾਰਸਾਂ ਨੂੰ 2 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਰਾਹ-ਵੀਰ ਸਕੀਮ ਅਧੀਨ ਗੋਲਡਨ ਆਵਰ ਵਿੱਚ ਜ਼ਖ਼ਮੀ ਨੂੰ ਹਸਪਤਾਲ ਪਹੁੰਚਾ ਕੇ ਜਾਨ ਬਚਾਉਣ ਵਾਲੇ ਵਿਅਕਤੀ ਨੂੰ 25 ਹਜ਼ਾਰ ਰੁਪਏ ਦਾ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਹੈ। ਇੱਕ ਵਿਅਕਤੀ ਨੂੰ ਇਹ ਇਨਾਮ ਸਾਲ ਵਿੱਚ ਵੱਧ ਤੋਂ ਵੱਧ ਪੰਜ ਵਾਰ ਮਿਲ ਸਕਦਾ ਹੈ ਅਤੇ ਜੇਕਰ ਇੱਕ ਤੋਂ ਵੱਧ ਵਿਅਕਤੀ ਮਿਲ ਕੇ ਮਦਦ ਕਰਦੇ ਹਨ ਤਾਂ ਇਹ ਰਕਮ ਬਰਾਬਰ ਵੰਡ ਕੇ ਦਿੱਤੀ ਜਾਂਦੀ ਹੈ।

ਰਿਜਨਲ ਟਰਾਂਸਪੋਰਟ ਅਫਸਰ ਕਰਨਬੀਰ ਸਿੰਘ ਛੀਨਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁੱਡ ਸਮੈਰੀਟਨ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਦਦ ਕਰਨ ਵਾਲੇ ਵਿਅਕਤੀ ਨੂੰ ਕਿਸੇ ਬੇਲੋੜੀ ਪੁਲਿਸ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਤੇ ਜਖਮੀ ਨੂੰ ਹਸਪਤਾਲ ਭਰਤੀ ਕਰਵਾ ਕੇ ਤੁਰੰਤ ਉਹ ਉੱਥੋਂ ਜਾ ਸਕਦਾ ਹੈ। ਪੁਲਿਸ ਅਤੇ ਹਸਪਤਾਲ ਵੱਲੋਂ ਪੁਸ਼ਟੀ ਕਰਨ ਤੋਂ ਬਾਅਦ ਉਨ੍ਹਾਂ ਦੀ ਹਦਾਇਤ ਤੇ ਇਨਾਮ ਰਾਸ਼ੀ ਸਿੱਧਾ ਲਾਭਪਾਤਰੀ ਦੇ ਅਕਾਊਂਟ ਵਿਖੇ ਪੀ.ਐਫ.ਐਮ.ਐਸ ਰਾਹੀ ਭੇਜੀ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਾਦਸਾ ਹੋਣ ‘ਤੇ ਤੁਰੰਤ 112 ਜਾਂ 108 ‘ਤੇ ਸੂਚਨਾ ਦੇਣ, ਜ਼ਖ਼ਮੀ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਉਣ ਅਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਕੇ ਸੜਕ ਹਾਦਸਿਆਂ ਨੂੰ ਰੋਕਣ ਵਿੱਚ ਆਪਣਾ ਯੋਗਦਾਨ ਪਾਉਣ।

Related Articles

Leave a Reply

Your email address will not be published. Required fields are marked *

Back to top button
error: Content is protected !!