Uncategorized

ਪਰਾਲੀ ਪ੍ਰਬੰਧਨ ਲਈ ਬੇਲਰ ਮਾਲਕਾਂ ਨਾਲ ਡਿਪਟੀ ਕਮਿਸ਼ਨਰ ਦੀ ਵਿਸ਼ੇਸ ਮੀਟਿੰਗ; ਆਪਣੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਹਿਲ ਦੇਣ ਦੀ ਅਪੀਲ

ਪਰਾਲੀ ਨੂੰ ਅੱਗ ਤੋਂ ਬਚਾਉਣ ਲਈ ਪ੍ਰਸ਼ਾਸਨ, ਕਿਸਾਨ ਤੇ ਬੇਲਰ ਮਾਲਕ ਮਿਲ ਕੇ ਬਣਾਉਣ ਲੋਕ ਲਹਿਰ: ਵਿਰਾਜ ਐਸ. ਤਿੜਕੇ

ਮਾਲੇਰਕੋਟਲਾ, 22 ਸਤੰਬਰ ( ਸੂਤਰ )


ਆਗਾਮੀ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਪਰਾਲੀ ਅਤੇ ਹੋਰ ਫ਼ਸਲੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧ ਲਈ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ,ਜ਼ਿਲ੍ਹੇ ਦੇ ਬੇਲਰ ਮਾਲਕਾਂ ਅਤੇ ਪਰਾਲੀ ਪ੍ਰਬੰਧਨ ਨਾਲ ਸਬੰਧਤ ਇਕਾਕੀਆਂ ਦੇ ਨੁਮਾਇੰਦਿਆ ਨਾਲ ਵਿਸ਼ੇਸ਼ ਮੀਟਿੰਗ ਕਰਕੇ ਅਗਾਊਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਵਾਰ ਪਰਾਲੀ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਪ੍ਰਸ਼ਾਸਨਿਕ ਨਿਗਰਾਨੀ ਦੇ ਨਾਲ ਕਿਸਾਨਾਂ, ਬੇਲਰ ਮਾਲਕਾਂ ਅਤੇ ਵਿਭਾਗਾਂ ਦੀ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਬੇਲਰ ਮਾਲਕਾਂ ਨਾਲ ਪਰਾਲੀ ਇਕੱਠੀ ਕਰਨ, ਗੰਢਾਂ ਬਣਾਉਣ ਅਤੇ ਉਸ ਦੀ ਢੋਆ-ਢੁਆਈ ਨਾਲ ਜੁੜੇ ਵਿਹਾਰਕ ਪਹਿਲੂਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਵੀ ਸੁਣੀਆਂ। ਉਨ੍ਹਾਂ ਬੇਲਰ ਮਾਲਕਾਂ ਨੂੰ ਅਪੀਲ ਕੀਤੀ ਕਿ ਝੋਨੇ ਦੇ ਸੀਜ਼ਨ ਦੌਰਾਨ ਆਪਣੀਆਂ ਮਸ਼ੀਨਾਂ ਰਾਹੀਂ ਪਰਾਲੀ ਪ੍ਰਬੰਧਨ ਲਈ ਸਭ ਤੋਂ ਪਹਿਲਾਂ ਮਾਲੇਰਕੋਟਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਤਰਜੀਹ ਦਿੱਤੀ ਜਾਵੇ, ਤਾਂ ਜੋ ਖੇਤਾਂ ਵਿੱਚ ਪਈ ਪਰਾਲੀ ਨੂੰ ਸਮੇਂ ਸਿਰ ਸੰਭਾਲਿਆ ਜਾ ਸਕੇ।

ਤਿੜਕੇ ਨੇ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਬੇਲਰ ਮਾਲਕਾਂ ਨਾਲ ਲਗਾਤਾਰ ਤਾਲਮੇਲ ਰੱਖਣ ਅਤੇ ਉਨ੍ਹਾਂ ਵੱਲੋਂ ਉਠਾਈਆਂ ਗਈਆਂ ਜਾਇਜ਼ ਮੁਸ਼ਕਲਾਂ ਦੇ ਨਿਪਟਾਰੇ ਲਈ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ “ਪਰਾਲੀ ਨੂੰ ਅੱਗ ਨਾ ਲਗਾਉਣ ਦਾ ਸੁਨੇਹਾ ਸਿਰਫ਼ ਅਪੀਲ ਤੱਕ ਸੀਮਤ ਨਾ ਰਹੇ, ਸਗੋਂ ਪਿੰਡ-ਪਿੰਡ ਕਿਸਾਨਾਂ ਦੀ ਭਾਗੀਦਾਰੀ ਨਾਲ ਲੋਕ ਲਹਿਰ ਦਾ ਰੂਪ ਧਾਰੇ।”

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨਾਲ ਸਮੇਂ ਸਿਰ ਰਾਬਤਾ ਕਰਕੇ ਖੇਤ ਅੰਦਰ ਅਤੇ ਖੇਤ ਤੋਂ ਬਾਹਰ ਪਰਾਲੀ ਪ੍ਰਬੰਧਨ ਦੇ ਉਪਲਬਧ ਤਰੀਕਿਆਂ ਅਤੇ ਮਸ਼ੀਨਰੀ ਬਾਰੇ ਜਾਣੂ ਕਰਵਾਇਆ ਜਾਵੇ। ਲੋੜ ਅਨੁਸਾਰ ਵਧੇਰੇ ਧਿਆਨ ਵਾਲੇ ਖੇਤਰਾਂ ਵਿੱਚ ਜ਼ਮੀਨੀ ਨਿਗਰਾਨੀ ਰੱਖੀ ਜਾਵੇ ਅਤੇ ਸਾਰੇ ਸਬੰਧਤ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ।

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਸੰਭਾਲਣ ਲਈ ਬੇਲਰਾਂ ਅਤੇ ਹੋਰ ਉਪਲਬਧ ਮਸ਼ੀਨਰੀ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਨਾਲ ਹੀ ਕਿਸਾਨਾਂ ਨੂੰ ਮੰਡੀਆਂ ਵਿੱਚ ਨਿਰਧਾਰਤ ਨਮੀ ਮਾਪਦੰਡਾਂ ਅਨੁਸਾਰ ਸੁੱਕਾ ਝੋਨਾ ਹੀ ਲਿਆਉਣ ਲਈ ਕਿਹਾ, ਤਾਂ ਜੋ ਖਰੀਦ ਪ੍ਰਕਿਰਿਆ ਸੁਚਾਰੂ ਰਹੇ ਅਤੇ ਉਨ੍ਹਾਂ ਨੂੰ ਮੰਡੀ ਵਿੱਚ ਬੇਲੋੜੀ ਉਡੀਕ ਨਾ ਕਰਨੀ ਪਵੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ, ਖੇਤੀਬਾੜੀ ਅਫ਼ਸਰ ਡਾ. ਕੁਲਵੀਰ ਸਿੰਘ, ਡੀ.ਆਰ.ਸੀ.ਐਸ. ਵਿਜੈਇੰਦਰ ਸੰਧੂ, ਦਰਸ਼ਨ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਸੰਦੀਪ ਸਿੰਘ, ਨਵਦੀਪ ਕੁਮਾਰ ਤੋਂ ਇਲਾਵਾ ਬੇਲਰ ਮਾਲਕ ਭੁਪਿੰਦਰ ਸਿੰਘ, ਕਰਮਜੀਤ ਸਿੰਘ, ਹਰਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!