ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਮਾਲੇਰਕੋਟਲਾ ਦੇ 32 ਪਿੰਡਾਂ ਦੇ ਵਿਕਾਸ ’ਤੇ ਖਰਚੇ ਜਾਣਗੇ ਕਰੀਬ 6 ਕਰੋੜ 40 ਲੱਖ ਰੁਪਏ-ਵਿਰਾਜ ਐਸ. ਤਿੜਕੇ
ਸਰਵੇ ਸਿਰਫ਼ ਅੰਕੜਿਆਂ ਤੱਕ ਸੀਮਤ ਨਾ ਰਹੇ, ਹਰ ਯੋਗ ਪਰਿਵਾਰ ਤੱਕ ਸਰਕਾਰੀ ਸਕੀਮਾਂ ਦਾ ਲਾਭ ਪੁੱਜੇ-ਡਿਪਟੀ ਕਮਿਸ਼ਨਰ

ਮਾਲੇਰਕੋਟਲਾ, 15 ਸਤੰਬਰ ( ਸੂਤਰ )

ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਜ਼ਿਲ੍ਹੇ ਦੇ ਚੁਣੇ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਦੀਆਂ ਘਾਟਾਂ ਦੂਰ ਕਰਕੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਣ ਲਈ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਜ਼ਿਲ੍ਹਾ ਪੱਧਰੀ ਪ੍ਰੋਜੈਕਟ ਅਪਰੇਜ਼ਲ ਕਨਵਰਜੈਂਸ ਕਮੇਟੀ ਦੀ ਮੀਟਿੰਗ ਦੌਰਾਨ ਯੋਜਨਾ ਅਧੀਨ ਚੱਲ ਰਹੀ ਪ੍ਰਕਿਰਿਆ ਅਤੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੋਜਨਾ ਤਹਿਤ ਜ਼ਿਲ੍ਹੇ ਦੇ 32 ਪਿੰਡ ਚੁਣੇ ਗਏ ਹਨ, ਜਿਨ੍ਹਾਂ ਵਿੱਚ ਅਮਰਗੜ੍ਹ ਬਲਾਕ ਦੇ 17, ਅਹਿਮਦਗੜ੍ਹ ਦੇ 8 ਅਤੇ ਮਾਲੇਰਕੋਟਲਾ ਬਲਾਕ ਦੇ 7 ਪਿੰਡ ਸ਼ਾਮਲ ਹਨ। ਇਨ੍ਹਾਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਕਰੀਬ 6 ਕਰੋੜ 40 ਲੱਖ ਰੁਪਏ ਖਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਸਾਲ 2021-22 ਦੇ ਡਿਜੀਟਲ ਸਰਵੇ ਅਨੁਸਾਰ ਪਿੰਡ ਗੀਗਾ-ਮਾਜਰਾ ਅਤੇ ਮੰਡੀਆਂ ਨੂੰ ਆਦਰਸ਼ ਗ੍ਰਾਮ ਵਜੋਂ ਵਿਕਸਤ ਕਰਨ ਲਈ 40 ਲੱਖ ਰੁਪਏ ਖਰਚੇ ਜਾਣਗੇ।

ਤਿੜਕੇ ਨੇ ਕਿਹਾ ਕਿ ਡਿਜੀਟਲ ਸਰਵੇ ਉਪਰੰਤ ਤਿਆਰ ਕੀਤੇ ਜਾਣ ਵਾਲੇ ਵਿਲੇਜ ਡਿਵੈਲਪਮੈਂਟ ਪਲਾਨ ਵਿੱਚ ਪਿੰਡ ਦੀ ਅਸਲ ਤਸਵੀਰ ਨਜ਼ਰ ਆਉਣੀ ਚਾਹੀਦੀ ਹੈ। ਸਿੱਖਿਆ, ਆਂਗਣਵਾੜੀ, ਸਕੂਲਾਂ ਵਿੱਚ ਪਖਾਨੇ, ਸੋਲਰ ਲਾਈਟਾਂ, ਪਾਣੀ ਦੀ ਨਿਕਾਸੀ ਦੇ ਪ੍ਰੋਜੈਕਟ, ਪੋਸ਼ਣ, ਡਿਜੀਟਲ ਸਹੂਲਤਾਂ ਅਤੇ ਵੱਖ-ਵੱਖ ਭਲਾਈ ਸਕੀਮਾਂ ਦੀ ਪਹੁੰਚ ਵਿੱਚ ਜਿੱਥੇ ਵੀ ਘਾਟ ਸਾਹਮਣੇ ਆਵੇ, ਉਸ ਨੂੰ ਤਰਜੀਹੀ ਆਧਾਰ ’ਤੇ ਵਿਕਾਸ ਯੋਜਨਾ ਨਾਲ ਜੋੜਿਆ ਜਾਵੇ।

ਉਨ੍ਹਾਂ ਅਧਿਕਾਰੀਆਂ ਨੂੰ ਪਿੰਡ ਪੱਧਰੀ ਕਮੇਟੀਆਂ ਰਾਹੀਂ ਹਾਊਸਹੋਲਡ ਸਰਵੇ ਮੁਕੰਮਲ ਕਰਕੇ ਸਹੀ ਵੇਰਵੇ ਪੋਰਟਲ ’ਤੇ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ, “ਆਦਰਸ਼ ਪਿੰਡ ਦੀ ਪਛਾਣ ਸਿਰਫ਼ ਨਵੇਂ ਵਿਕਾਸ ਕਾਰਜਾਂ ਨਾਲ ਨਹੀਂ, ਸਗੋਂ ਇਸ ਗੱਲ ਨਾਲ ਹੋਵੇਗੀ ਕਿ ਪਿੰਡ ਦੇ ਆਖ਼ਰੀ ਯੋਗ ਪਰਿਵਾਰ ਤੱਕ ਬੁਨਿਆਦੀ ਸਹੂਲਤ ਅਤੇ ਸਰਕਾਰੀ ਸਕੀਮ ਦਾ ਲਾਭ ਪਹੁੰਚਿਆ ਹੈ।”

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਮੁਕਲ ਬਾਵਾ, ਬੀ.ਡੀ.ਪੀ.ਓ. ਅਹਿਮਦਗੜ੍ਹ ਕਰਨਬੀਰ ਸਿੰਘ, ਬੀ.ਡੀ.ਪੀ.ਓ.ਮਾਲੇਰਕੋਟਲਾ ਜਸਮਿੰਦਰ ਸਿੰਘ, ਬੀ.ਡੀ.ਪੀ.ਓ. ਅਮਰਗੜ੍ਹ ਬਬਲਜੀਤ ਕੌਰ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਘਣਸ਼ਿਆਮ, ਤਹਿਸੀਲ ਭਲਾਈ ਅਫ਼ਸਰ ਹਰਪ੍ਰੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।




