Uncategorized

ਮੇਰਾ ਸ਼ਹਿਰ, ਮੇਰੀ ਜ਼ਿੰਮੇਵਾਰੀ’ ਦੀ ਸੋਚ ਨਾਲ ਨਿਖਰੇਗਾ ਮਾਲੇਰਕੋਟਲਾ: ਡਾ. ਜਮੀਲ ਉਰ ਰਹਿਮਾਨ

786 ਚੌਂਕ ਤੋਂ ਮੋਤੀ ਬਜ਼ਾਰ ਤੱਕ ਮਹਾਂ-ਸਫਾਈ; ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਕੂੜਾ ਡਸਟਬਿਨਾਂ ’ਚ ਪਾਉਣ ਦੀ ਅਪੀਲ

ਮਾਲੇਰਕੋਟਲਾ, 12 ਸਤੰਬਰ ( ਸੂਤਰ )


“ਸ਼ਹਿਰ ਨੂੰ ਸਾਫ਼ ਰੱਖਣ ਦੀ ਸਭ ਤੋਂ ਮਜ਼ਬੂਤ ਸ਼ੁਰੂਆਤ ਆਪਣੇ ਘਰ ਅਤੇ ਦੁਕਾਨ ਦੇ ਦਰ ਤੋਂ ਹੁੰਦੀ ਹੈ। ਜਦੋਂ ਹਰ ਨਾਗਰਿਕ ਆਪਣੀ ਥਾਂ ਦੀ ਸਫ਼ਾਈ ਨੂੰ ਆਪਣੀ ਜ਼ਿੰਮੇਵਾਰੀ ਸਮਝੇਗਾ ਤਾਂ ਪੂਰਾ ਮਾਲੇਰਕੋਟਲਾ ਆਪਣੇ-ਆਪ ਨਿਖਰ ਉੱਠੇਗਾ।” ਇਹ ਪ੍ਰਗਟਾਵਾ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਅੱਜ 786 ਚੌਂਕ ਵਿਖੇ ਚੱਲ ਰਹੀ ਸਫ਼ਾਈ ਮੁਹਿੰਮ ਦਾ ਜਾਇਜ਼ਾ ਲੈਂਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਵੱਛਤਾ ਨੂੰ ਲੋਕ-ਜੀਵਨ ਦੀ ਆਦਤ ਬਣਾਉਣ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਅਮਲਾ ਸ਼ਹਿਰ ਨੂੰ ਸਾਫ਼ ਕਰ ਸਕਦਾ ਹੈ, ਪਰ ਉਸ ਸਫ਼ਾਈ ਨੂੰ ਕਾਇਮ ਰੱਖਣ ਦੀ ਅਸਲ ਤਾਕਤ ਸ਼ਹਿਰ ਵਾਸੀਆਂ ਦੇ ਹੱਥਾਂ ਵਿੱਚ ਹੈ। ਇਸ ਲਈ ‘ਮੇਰਾ ਸ਼ਹਿਰ, ਮੇਰੀ ਜ਼ਿੰਮੇਵਾਰੀ’ ਦੀ ਭਾਵਨਾ ਹਰ ਘਰ, ਦੁਕਾਨ ਅਤੇ ਬਜ਼ਾਰ ਤੱਕ ਪਹੁੰਚਣੀ ਚਾਹੀਦੀ ਹੈ।

ਮਹਾਂ-ਸਫਾਈ ਅਭਿਆਨ ਦੇ 15ਵੇਂ ਦਿਨ ਨਗਰ ਕੌਂਸਲ ਮਾਲੇਰਕੋਟਲਾ ਵੱਲੋਂ 786 ਚੌਂਕ, ਦਰਗਾਹ ਬਾਬਾ ਹੈਦਰ ਸ਼ੇਖ ਜੀ ਅਤੇ ਚੋਹੱਟਾ ਤੋਂ ਮੋਤੀ ਬਜ਼ਾਰ ਤੱਕ ਸਫ਼ਾਈ ਕਰਵਾਈ ਗਈ। ਡਾ. ਰਹਿਮਾਨ ਨੇ ਸਫ਼ਾਈ ਕਾਰਜਾਂ ਨੂੰ ਨੇੜਿਓਂ ਵੇਖਿਆ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ।

ਵਿਧਾਇਕ ਨੇ ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਵਿਸ਼ੇਸ਼ ਅਪੀਲ ਕੀਤੀ ਕਿ “ਕਾਰੋਬਾਰ ਵਾਲੀ ਥਾਂ ਤੋਂ ਨਿਕਲਿਆ ਕੂੜਾ ਸੜਕ ਜਾਂ ਨਾਲੀ ਤੱਕ ਨਾ ਪਹੁੰਚੇ, ਉਸ ਦੀ ਮੰਜ਼ਿਲ ਡਸਟਬਿਨ ਹੀ ਹੋਵੇ।” ਉਨ੍ਹਾਂ ਸ਼ਹਿਰ ਵਾਸੀਆਂ ਨੂੰ ਚਾਰ ਪ੍ਰਕਾਰ ਦੇ ਡਸਟਬਿਨਾਂ ਦੀ ਵਰਤੋਂ ਕਰਨ ਅਤੇ ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ ਲਈ ਪ੍ਰੇਰਿਤ ਕੀਤਾ।

ਡਾ. ਰਹਿਮਾਨ ਨੇ ਕਿਹਾ ਕਿ ਸਫ਼ਾਈ ਮੁਹਿੰਮ ਦੀ ਸਫਲਤਾ ਸਿਰਫ਼ ਸਾਫ਼ ਕੀਤੀਆਂ ਸੜਕਾਂ ਨਾਲ ਨਹੀਂ, ਸਗੋਂ ਮੁੜ ਉਨ੍ਹਾਂ ਨੂੰ ਗੰਦਾ ਨਾ ਹੋਣ ਦੇਣ ਵਾਲੀ ਨਾਗਰਿਕ ਸੋਚ ਨਾਲ ਮਾਪੀ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਮਾਲੇਰਕੋਟਲਾ ਦੀ ਸਵੱਛ ਪਛਾਣ ਬਣਾਉਣ ਵਿੱਚ ਆਪਣੀ ਸਰਗਰਮ ਸਾਂਝ ਪਾਉਣ ਦਾ ਸੱਦਾ ਦਿੱਤਾ। ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀ-ਕਰਮਚਾਰੀ, ਸਵੱਛ ਭਾਰਤ ਮਿਸ਼ਨ ਟੀਮ ਅਤੇ ਪੈਸਕੋ ਸੁਪਰਵਾਈਜ਼ਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!