ਆਬਕਾਰੀ ਵਿਭਾਗ ਵੱਲੋਂ ਦੋ ਵੱਖ-ਵੱਖ ਥਾਵਾਂ ‘ਤੇ ਛਾਪੇ, 270 ਬੋਤਲਾਂ ਸ਼ਰਾਬ ਬਰਾਮਦ; ਤਿੰਨ ਮੁਲਜ਼ਮ ਗ੍ਰਿਫ਼ਤਾਰ

ਬਰਨਾਲਾ 16 ਜੁਲਾਈ ( ਸੂਤਰ )

ਪੰਜਾਬ ਦੇ ਆਬਕਾਰੀ ਤੇ ਕਰ ਮੰਤਰੀ ਸ. ਹਰਪਾਲ ਸਿੰਘ ਚੀਮਾ, ਆਬਕਾਰੀ ਕਮਿਸ਼ਨਰ ਸ. ਜਤਿੰਦਰ ਜੋਰਵਾਲ ਅਤੇ ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ (ਡੀ.ਈ.ਟੀ.ਸੀ.) ਸ੍ਰੀ ਰਾਜੇਸ਼ ਐਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੈਰ-ਕਾਨੂੰਨੀ ਸ਼ਰਾਬ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਅਧੀਨ ਆਬਕਾਰੀ ਵਿਭਾਗ ਵਲੋਂ ਬਰਨਾਲਾ ਪੁਲਿਸ ਦੇ ਸਹਿਯੋਗ ਨਾਲ ਦੋ ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰ ਕੇ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਗਈ ਅਤੇ 3 ਮੁਲਜ਼ਮ ਗ੍ਰਿਫਤਾਰ ਕੀਤੇ ਗਏ।

ਆਬਕਾਰੀ ਇੰਸਪੈਕਟਰ ਦਵਿੰਦਰ ਸਿੰਘ ਦੀ ਅਗਵਾਈ ਹੇਠ ਆਬਕਾਰੀ ਪੁਲਿਸ ਅਤੇ ਜ਼ਿਲ੍ਹਾ ਪੁਲਿਸ ਦੀ ਟੀਮ ਨੇ ਮਿਲ ਕੇ ਅੱਜ ਬਾਜਾਖਾਨਾ ਰੋਡ ਡਰੇਨ ਨੇੜੇ ਛਾਪੇਮਾਰੀ ਕੀਤੀ। ਇਸ ਦੌਰਾਨ ਚੰਡੀਗੜ੍ਹ ਵਿੱਚ ਵਿਕਰੀ ਲਈ ਨਿਰਧਾਰਤ ਇਕ ਬ੍ਰਾਂਡ ਦੀਆਂ 66 ਬੋਤਲਾਂ ਬਰਾਮਦ ਕੀਤੀਆਂ ਗਈਆਂ। ਇਸ ਮਾਮਲੇ ਵਿੱਚ ਮਨੀ ਸਿੰਘ ਅਤੇ ਗੋਬਿੰਦ ਸਿੰਘ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ।

ਇਸ ਸਬੰਧੀ ਐੱਫ.ਆਈ.ਆਰ. ਨੰਬਰ 350 ਚੌਕੀ ਬੱਸ ਸਟੈਂਡ, ਬਰਨਾਲਾ ਵਿੱਚ ਦਰਜ ਕੀਤੀ ਗਈ ਹੈ।
ਓਹਨਾਂ ਦੱਸਿਆ ਕਿ ਪਿਛਲੇ ਦਿਨੀਂ ਆਵਾ ਬਸਤੀ, ਬਰਨਾਲਾ ਵਿੱਚ ਸ੍ਰੀਮਤੀ ਰਿੰਪੀ ਰਾਣੀ ਪਤਨੀ ਸ: ਅਸ਼ੋਕ ਕੁਮਾਰ ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਪੀ.ਐਮ.ਐਲ ਦੀਆਂ 204 ਬੋਤਲਾਂ ਬਰਾਮਦ ਹੋਈਆਂ।

ਆਬਕਾਰੀ ਇੰਸਪੈਕਟਰ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸ਼ਰਾਬ ਦੀਆਂ ਬੋਤਲਾਂ ‘ਤੇ ਲੱਗੇ ਟਰੈਕ ਐਂਡ ਟਰੇਸ ਲੇਬਲ ਅਤੇ ਬੈਚ ਨੰਬਰ ਪਾੜੇ ਹੋਏ ਸਨ। ਓਹਨਾਂ ਕਿਹਾ ਕਿ ਇਸ ਸਬੰਧੀ ਥਾਣਾ ਸਿਟੀ-1, ਬਰਨਾਲਾ ਵਿੱਚ ਐੱਫ.ਆਈ.ਆਰ. ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਓਹਨਾਂ ਕਿਹਾ ਕਿ ਆਬਕਾਰੀ ਵਿਭਾਗ ਵਲੋਂ ਕਿਹਾ ਕਿ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਸ਼ਰਾਬ ਦੇ ਨਿਰਮਾਣ, ਭੰਡਾਰਨ ਅਤੇ ਵਿਕਰੀ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਕਾਰਵਾਈ ਆਉਂਦੇ ਦਿਨੀਂ ਵੀ ਜਾਰੀ ਰਹੇਗੀ।




