Uncategorized

ਐਨ.ਡੀ.ਐਮ.ਏ. ਵੱਲੋਂ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ-2027 ਲਈ ਨਾਮਜ਼ਦਗੀਆਂ ਦੀ ਮੰਗ; ਆਖਰੀ ਮਿਤੀ 15 ਸਤੰਬਰ 2026

ਕਪੂਰਥਲਾ, 08 ਸਤੰਬਰ ( ਸੂਤਰ )


ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ ਨੇ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ-2027 ਲਈ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਹੈ, ਜੋ ਕਿ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਲਾਨਾ ਪੁਰਸਕਾਰ ਆਪਦਾ ਜੋਖਮ ਘਟਾਉਣ, ਤਿਆਰੀ, ਨਿਵਾਰਨ, ਪ੍ਰਤੀਕਿਰਿਆ, ਸੁਧਾਰ, ਸਮਰੱਥਾ ਨਿਰਮਾਣ, ਨਵੀਨਤਾ, ਖੋਜ, ਸਿਖਲਾਈ, ਜਾਗਰੂਕਤਾ ਪੈਦਾ ਕਰਨ ਅਤੇ ਭਾਈਚਾਰਕ ਸ਼ਮੂਲੀਅਤ ਵਿੱਚ ਵਡਮੁੱਲੇ ਯੋਗਦਾਨ ਅਤੇ ਨਿਸ਼ਕਾਮ ਸੇਵਾ ਲਈ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕਰਦਾ ਹੈ।

ਉਨ੍ਹਾਂ ਕਿਹਾ ਕਿ ਸਰਕਾਰੀ ਕਰਮਚਾਰੀ, ਕਮਿਊਨਿਟੀ ਅਧਾਰਤ ਸੰਸਥਾਵਾਂ, ਵਾਲੰਟੀਅਰ, ਅਕਾਦਮਿਕ ਅਤੇ ਖੋਜ ਸੰਸਥਾਵਾਂ, ਗੈਰ-ਸਰਕਾਰੀ ਸੰਸਥਾਵਾਂ, ਨਿੱਜੀ ਖੇਤਰ ਦੀਆਂ ਇਕਾਈਆਂ, ਫਸਟ ਰਿਸਪੌਂਡਰ, ਨਵੀਨਤਾਕਾਰੀ ਅਤੇ ਨਾਗਰਿਕ ਜਿਨ੍ਹਾਂ ਨੇ ਆਪਦਾ ਪ੍ਰਬੰਧਨ ਵਿੱਚ ਬੇਮਿਸਾਲ ਵਚਨਬੱਧਤਾ ਅਤੇ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ, ਅਤੇ ਹੋਰ ਯੋਗ ਸੰਸਥਾਵਾਂ ਆਪਣੀਆਂ ਨਾਮਜ਼ਦਗੀਆਂ ਜਮ੍ਹਾਂ ਕਰਵਾ ਸਕਦੀਆਂ ਹਨ।

ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਯੋਗ ਖੇਤਰਾਂ ਵਿੱਚ ਭਾਈਚਾਰਕ ਅਧਾਰਤ ਆਪਦਾ ਜੋਖਮ ਘਟਾਉਣ ਦੀਆਂ ਪਹਿਲਕਦਮੀਆਂ, ਨਵੀਨਤਾਕਾਰੀ ਤਕਨਾਲੋਜੀਆਂ ਅਤੇ ਹੱਲ, ਸਮਰੱਥਾ ਨਿਰਮਾਣ ਅਤੇ ਜਾਗਰੂਕਤਾ ਪ੍ਰੋਗਰਾਮ, ਸ਼ੁਰੂਆਤੀ ਚੇਤਾਵਨੀ ਦਾ ਪ੍ਰਸਾਰ, ਖੋਜ ਅਤੇ ਬਚਾਅ ਕਾਰਜ, ਰਾਹਤ ਅਤੇ ਮੁੜ ਵਸੇਬਾ, ਆਪਦਾ-ਸਹਿਣਸ਼ੀਲ ਬੁਨਿਆਦੀ ਢਾਂਚਾ, ਖੋਜ ਅਤੇ ਗਿਆਨ ਪ੍ਰਬੰਧਨ, ਅਤੇ ਵਾਲੰਟੀਅਰਾਂ ਤੇ ਸਿਵਲ ਸੁਸਾਇਟੀ ਸੰਸਥਾਵਾਂ ਦੁਆਰਾ ਯੋਗਦਾਨ ਜਾਂ ਤਿਆਰੀ, ਸੁਧਾਰ, ਮੁੜ ਵਸੇਬੇ ਅਤੇ ਪੁਨਰ ਨਿਰਮਾਣ ਵਿੱਚ ਸਰਵੋਤਮ ਅਭਿਆਸ (ਬੈਸਟ ਪ੍ਰੈਕਟਿਸਿਜ਼) ਸ਼ਾਮਲ ਹਨ।

ਉਨ੍ਹਾਂ ਨੇ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਸਮੂਹ ਯੋਗ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਨੈਸ਼ਨਲ ਅਵਾਰਡ ਪੋਰਟਲ ‘ਤੇ ਨਿਰਧਾਰਤ ਪ੍ਰਕਿਰਿਆ ਰਾਹੀਂ 15 ਸਤੰਬਰ 2026 ਤੱਕ ਯੋਗ ਨਾਮਜ਼ਦਗੀਆਂ ਭੇਜੀਆਂ ਜਾਣ, ਤਾਂ ਜੋ ਆਪਦਾ ਪ੍ਰਬੰਧਨ ਵਿੱਚ ਪਾਏ ਗਏ ਸ਼ਾਨਦਾਰ ਯੋਗਦਾਨ ਨੂੰ ਰਾਸ਼ਟਰੀ ਪੱਧਰ ‘ਤੇ ਬਣਦਾ ਸਨਮਾਨ ਮਿਲ ਸਕੇ। ਵਿਸਤ੍ਰਿਤ ਦਿਸ਼ਾ-ਨਿਰਦੇਸ਼, ਯੋਗਤਾ ਦੇ ਮਾਪਦੰਡ ਅਤੇ ਨਾਮਜ਼ਦਗੀ ਦੀ ਪ੍ਰਕਿਰਿਆ ਪੋਰਟਲ ‘ਤੇ ਉਪਲਬਧ ਹੈ। ਉਨ੍ਹਾਂ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!