ਮਿਸ਼ਨ ਕਲੀਨ ਪੰਜਾਬ’ ਤਹਿਤ ਮਾਲੇਰਕੋਟਲਾ ਵਿੱਚ 9ਵੇਂ ਦਿਨ ਵੀ ਸਫ਼ਾਈ ਮੁਹਿੰਮ ਜਾਰੀ
ਭੂਮਸੀ ਮਾਮਾ ਜੀ ਮਸਜਿਦ ਤੋਂ ਲੋਹਾ ਬਾਜ਼ਾਰ ਹੁੰਦੇ ਹੋਏ ਮਲੇਰ ਗੇਟ ਤੱਕ ਸੜਕਾਂ ਦੀ ਕਰਵਾਈ ਸਫ਼ਾਈ

ਮਾਲੇਰਕੋਟਲਾ, 6 ਸਤੰਬਰ ( ਸੂਤਰ )

ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ‘10 ਦਿਨਾਂ ਮਹਾਂ-ਸਫ਼ਾਈ ਅਭਿਆਨ’ ਤਹਿਤ ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਸਫ਼ਾਈ ਮੁਹਿੰਮ ਦੇ 9ਵੇਂ ਦਿਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵਿਸ਼ੇਸ਼ ਸਫ਼ਾਈ ਕਾਰਜ ਕਰਵਾਏ ਗਏ।.ਇਸ ਤਹਿਤ ਭੂਮਸੀ ਮਾਮਾ ਜੀ ਮਸਜਿਦ, ਲੋਹਾ ਬਾਜ਼ਾਰ ਤੋਂ ਲੈ ਕੇ ਮਲੇਰ ਗੇਟ ਤੱਕ ਦੀਆਂ ਸਾਰੀਆਂ ਸੜਕਾਂ ਅਤੇ ਆਸ-ਪਾਸ ਦੇ ਖੇਤਰਾਂ ਦੀ ਸਫ਼ਾਈ ਕਰਵਾਈ ਗਈ। ਸਫ਼ਾਈ ਕਰਮਚਾਰੀਆਂ ਵੱਲੋਂ ਸੜਕਾਂ ਤੋਂ ਕੂੜਾ-ਕਰਕਟ ਹਟਾਉਣ ਦੇ ਨਾਲ-ਨਾਲ ਜਨਤਕ ਥਾਵਾਂ ਨੂੰ ਸਾਫ਼-ਸੁਥਰਾ ਰੱਖਣ ਲਈ ਲੋੜੀਂਦੀ ਕਾਰਵਾਈ ਕੀਤੀ ਗਈ।


ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਕੌਂਸਲਰ ਮੁਹੰਮਦ ਫਾਰੂਕ ਮੁਨਸ਼ੀ ਨੇ ਆਪਣੇ ਘਰਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀ ਸਫ਼ਾਈ ਬਣਾਈ ਰੱਖਣ ਦੀ ਅਪੀਲ ਕਰਦਿਆਂ ਗੀਲੇ ਅਤੇ ਸੁੱਕੇ ਕੂੜੇ ਸਮੇਤ ਚਾਰ ਪ੍ਰਕਾਰ ਦੇ ਕੂੜੇ ਨੂੰ ਵੱਖ-ਵੱਖ ਕਰਕੇ ਨਿਰਧਾਰਤ ਡਸਟਬਿਨਾਂ ਵਿੱਚ ਪਾਉਣ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਸਰਕਾਰੀ ਯਤਨਾਂ ਦੇ ਨਾਲ-ਨਾਲ ਲੋਕਾਂ ਦੀ ਸਰਗਰਮ ਭਾਗੀਦਾਰੀ ਵੀ ਬੇਹੱਦ ਜ਼ਰੂਰੀ ਹੈ।

ਇਸ ਮੌਕੇ, ਕੌਂਸਲਰ ਮੁਹੰਮਦ ਫਾਰੂਕ ਮੁਨਸ਼ੀ, ਹਨੀਫ ਮੁਹੰਮਦ, ਕੌਂਸਲਰ ਮੁਹੰਮਦ ਨੂਰਦੀਨ, ਪ੍ਰਧਾਨ ਦੀਪਕ ਬਗਨ, ਮੁਹੰਮਦ ਰਮਜ਼ਾਨ, ਅਸ਼ੋਕ ਕੁਮਾਰ, ਰਜਿੰਦਰ ਕੁਮਾਰ, ਬਾਦਲ ਸੀ.ਐੱਫ਼., ਰਾਜਪਾਲ ਕੌਰ, ਮੁਬੀਨ, ਰੀਆ ਮਾਨਵ (ਮੋਟੀਵੇਟਰ, ਸਵੱਛ ਭਾਰਤ ਮਿਸ਼ਨ) ਤੋਂ ਇਲਾਵਾ ਨਗਰ ਕੌਂਸਲ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਫ਼ਾਈ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਅਤੇ ਮਾਲੇਰਕੋਟਲਾ ਨੂੰ ਸਾਫ਼, ਸੁੰਦਰ ਅਤੇ ਸਵੱਛ ਸ਼ਹਿਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।




