ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਲੱਖਣ ਡਰੋਨ ਸ਼ੋ ਨੇ ਬੰਨ੍ਹਿਆ ਸਮਾਂ
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ

ਮਾਨਸਾ, 3 ਸਤੰਬਰ ( ਸੂਤਰ )

ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਆਯੋਜਿਤ ਕੀਤੇ ਗਏ ਵਿਲੱਖਣ ਡਰੋਨ ਸ਼ੋਅ ਨੇ ਇਲਾਕੇ ਦੇ ਲੋਕਾਂ ਨੂੰ ਅਲੌਕਿਕ ਅਤੇ ਸ਼ਾਨਦਾਰ ਦ੍ਰਿਸ਼ ਦੇਖਣ ਦਾ ਸੁਭਾਗ ਬਖਸ਼ਿਆ। ਇਸ ਰੂਹਾਨੀ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਾਗੀ ਜੱਥੇ ਵੱਲੋਂ ਕੀਤੇ ਗਏ ਮਨਮੋਹਕ ਸ਼ਬਦ ਗਾਇਣ ਨੇ ਸਮਾਂ ਬੰਨ੍ਹ ਦਿੱਤਾ, ਜਿਸ ਨਾਲ ਪੂਰਾ ਮਾਹੌਲ ਇਲਾਹੀ ਬਾਣੀ ਦੇ ਰਸ ਵਿੱਚ ਰੰਗਿਆ ਗਿਆ ਅਤੇ ਆਈਆਂ ਸੰਗਤਾਂ ਗੁਰਬਾਣੀ ਨਾਲ ਜੁੜ ਕੇ ਨਿਹਾਲ ਹੋਈਆਂ।



ਇਸ ਮੌਕੇ ਵਿਧਾਇਕ ਡਾ. ਵਿਜੈ ਸਿੰਗਲਾ ਦੀ ਤਰਫੋ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਪ੍ਰੀਤ ਸਿੰਘ ਭੁੱਚਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਤੇ ਅਗਾਂਹਵਧੂ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆਧੁਨਿਕ ਤਕਨਾਲੋਜੀ ਅਤੇ ਮਹਾਨ ਵਿਰਾਸਤ ਦੇ ਸੁਮੇਲ ਨਾਲ ਅਜਿਹੇ ਨਵੀਨਤਮ ਉਪਰਾਲੇ ਕੀਤੇ ਜਾ ਰਹੇ ਹਨ ਜੋ ਨੌਜਵਾਨ ਪੀੜ੍ਹੀ ਨੂੰ ਆਪਣੀ ਸਮਾਜਿਕ ਤੇ ਰੂਹਾਨੀ ਪ੍ਰੰਪਰਾ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਸ. ਭੁੱਚਰ ਨੇ ਮੁੱਖ ਮੰਤਰੀ ਪੰਜਾਬ ਦੇ ਇਸ ਬੇਹਤਰੀਨ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਜ਼ਿਲ੍ਹਾ ਮਾਨਸਾ ਦੇ ਵਾਸੀਆਂ ਨੂੰ ਨਵਾਂ ਉਤਸ਼ਾਹ ਤੇ ਪ੍ਰੇਰਨਾ ਮਿਲਦੀ ਹੈ। ਸਮਾਗਮ ਦੌਰਾਨ ਉਪ ਮੰਡਲ ਮੈਜਿਸਟਰੇਟ ਬਲਜੀਤ ਕੌਰ, ਹਰਜਿੰਦਰ ਸਿੰਘ ਜੱਸਲ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਪ ਸ਼ਰਨਜੀਤ ਕੌਰ, ਪ੍ਰਧਾਨ ਐਸ ਸੀ ਵਿੰਗ ਕਿਰਤਪਾਲ ਸਿੰਘ, ਪ੍ਰਧਾਨ ਨਗਰ ਕੌਂਸਲ ਭੂਸ਼ਣ ਕੁਮਾਰ ਮੱਤੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਇਸ ਸ਼ਾਨਦਾਰ ਡਰੋਨ ਸ਼ੋਅ ਨੂੰ ਦੇਖਣ ਅਤੇ ਭਾਈ ਰਜਿੰਦਰ ਸਿੰਘ ਦੇ ਰਾਗੀ ਜੱਥੇ ਵੱਲੋਂ ਪੇਸ਼ ਰੂਹਾਨੀ ਸ਼ਬਦ ਗਾਇਣ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਤੇ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ। ਅਖੀਰ ਵਿੱਚ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।




