ਪੰਜਾਬ ਸੋਲਰ ਐਨਰਜੀ ਮਾਡਲ ਅਪਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣੇਗਾ: ਵਾਈਸ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ

ਫ਼ਰੀਦਕੋਟ, 28 ਅਗਸਤ ( ਸੂਤਰ )

ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦੇ ਵਾਈਸ ਚੇਅਰਮੈਨ ਸ. ਸੁਖਜੀਤ ਸਿੰਘ ਢਿੱਲਵਾਂ ਨੇ ਕਰਨਾਟਕ ਦਾ ਦੌਰਾ ਕਰਕੇ ਸੋਲਰ ਐਨਰਜੀ ਦੀ ਵਰਤੋਂ ਰਾਹੀਂ ਵੱਡੇ ਪੱਧਰ ਤੇ ਖਾਣਾ ਤਿਆਰ ਕਰਨ ਵਾਲੇ ਮਾਡਲ ਦਾ ਅਧਿਐਨ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਇਸ ਆਧੁਨਿਕ ਮਾਡਲ ਨੂੰ ਪੰਜਾਬ ਵਿੱਚ, ਖਾਸ ਕਰਕੇ ਸਰਕਾਰੀ ਸਕੂਲਾਂ ਵਿੱਚ ਮਿਡ-ਡੇ ਮੀਲ ਤਿਆਰ ਕਰਨ ਲਈ ਲਾਗੂ ਕਰਨ ਦੀਆਂ ਸੰਭਾਵਨਾਵਾਂ ਦਾ ਜਾਇਜ਼ਾ ਲੈਣਾ ਸੀ।

ਦੌਰੇ ਦੌਰਾਨ ਸ. ਢਿੱਲਵਾਂ ਨੇ ਬੈਂਗਲੁਰੂ ਸਥਿਤ ਟਾਟਾ ਟੈਕਨੋ ਪਾਰਕ ਕੰਪਨੀ ਦਾ ਦੌਰਾ ਕੀਤਾ, ਜਿੱਥੇ ਸੋਲਰ ਐਨਰਜੀ ਦੀ ਵਰਤੋਂ ਕਰਦਿਆਂ ਲਗਭਗ 10,000 ਤੋਂ 12,000 ਵਿਅਕਤੀਆਂ ਲਈ ਖਾਣਾ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਸੋਲਰ ਐਨਰਜੀ ਆਧਾਰਿਤ ਰਸੋਈ ਪ੍ਰਣਾਲੀ, ਤਕਨੀਕ ਅਤੇ ਵੱਡੇ ਪੱਧਰ ਤੇ ਇਸ ਦੀ ਵਰਤੋਂ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।

ਇਸ ਮੌਕੇ ਵਾਈਸ ਚੇਅਰਮੈਨ ਸ੍ਰੀ ਸੁਖਜੀਤ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਵੱਲ ਕਦਮ ਵਧਾ ਰਿਹਾ ਹੈ, ਜੋ ਸਰਕਾਰੀ ਸਕੂਲਾਂ ਵਿੱਚ ਮਿਡ-ਡੇ ਮੀਲ ਤਿਆਰ ਕਰਨ ਲਈ ਸੋਲਰ ਐਨਰਜੀ ਮਾਡਲ ਨੂੰ ਅਪਣਾਏਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਰਾਹੀਂ ਅੱਗੇ ਵਧਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਸੋਲਰ ਐਨਰਜੀ ਰਾਹੀਂ ਮਿਡ-ਡੇ ਮੀਲ ਤਿਆਰ ਕਰਨ ਨਾਲ ਸਕੂਲਾਂ ਵਿੱਚ ਨਵਿਆਉਣਯੋਗ ਊਰਜਾ ਦੀ ਵਰਤੋਂ ਨੂੰ ਉਤਸ਼ਾਹ ਮਿਲੇਗਾ। ਇਸ ਦੇ ਨਾਲ ਹੀ ਰਵਾਇਤੀ ਈਂਧਨ ਦੀ ਖਪਤ ਵਿੱਚ ਕਮੀ ਆਵੇਗੀ, ਊਰਜਾ ਦੀ ਬੱਚਤ ਹੋਵੇਗੀ ਅਤੇ ਵਾਤਾਵਰਨ ਦੀ ਸੰਭਾਲ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਵੇਗਾ।

ਸ. ਢਿੱਲਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਫ਼ ਅਤੇ ਨਵਿਆਉਣਯੋਗ ਊਰਜਾ ਦੇ ਸਰੋਤਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸੋਲਰ ਐਨਰਜੀ ਆਧਾਰਿਤ ਇਹ ਮਾਡਲ ਸਿੱਖਿਆ ਸੰਸਥਾਵਾਂ ਵਿੱਚ ਟਿਕਾਊ ਊਰਜਾ ਦੀ ਵਰਤੋਂ ਨੂੰ ਹੋਰ ਮਜ਼ਬੂਤ ਕਰੇਗਾ। ਇਸ ਮੌਕੇ ਮਾਸਟਰ ਹਰਦੀਪ ਸਿੰਘ, ਲੈਕਚਰਾਰ ਸ੍ਰੀ ਸੁਖਦੇਵ ਸਿੰਘ ਅਤੇ ਸ੍ਰੀ ਗੁਰਪ੍ਰੀਤ ਸਿੰਘ ਸਿਵੀਆਂ ਵੀ ਹਾਜ਼ਰ ਸਨ।



