ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਪਿੰਡ ਸਹਿਜੜਾ ਵਿਚ ਲਗਾਇਆ ਗਿਆ ਲੋਕ ਸੇਵਾ ਕੈਂਪ
ਮੁਫਤ ਅੱਖਾਂ ਦੀ ਜਾਂਚ, ਐਨਕਾਂ ਤੇ ਦਵਾਈਆਂ ਵੰਡੀਆਂ, ਵੱਖ ਵੱਖ ਸਕੀਮਾਂ ਲਈ ਕਰਵਾਇਆ ਅਪਲਾਈ: ਡਿਪਟੀ ਕਮਿਸ਼ਨਰ

ਮਹਿਲ ਕਲਾਂ 27 ਅਗਸਤ ( ਸੂਤਰ )

ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਵਲੋਂ ਲਾਏ ਜਾ ਰਹੇ ਲੋਕ ਸੇਵਾ ਕੈਂਪ ਲੋੜਵੰਦਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ, ਜਿੱਥੇ ਸੈਂਕੜੇ ਵਿਅਕਤੀ ਖਾਸ ਕਰਕੇ ਬਜ਼ੁਰਗ ਸਿਹਤ ਸੇਵਾਵਾਂ ਵਿਸ਼ੇਸ਼ ਕਰਕੇ ਅੱਖਾਂ ਦੇ ਚੈੱਕਅਪ ਅਤੇ ਮੁਫ਼ਤ ਐਨਕਾਂ ਦੀ ਸਹੂਲਤ ਦਾ ਲਾਭ ਲੈ ਰਹੇ ਹਨ। ਇਸੇ ਹੀ ਲੜੀ ਤਹਿਤ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਵਲੋਂ ਪਿੰਡ ਸਹਿਜੜਾ ਵਿਚ ਲੋਕ ਸੇਵਾ ਕੈਂਪ ਲਾਇਆ ਗਿਆ ਜਿੱਥੇ 200 ਤੋਂ ਵੱਧ ਪਿੰਡ ਵਾਸੀਆਂ ਨੇ ਵੱਖ ਵੱਖ ਸਕੀਮਾਂ ਦਾ ਲਾਭ ਲਿਆ।


ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦਸਿਆ ਕਿ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਵਲੋਂ ਲਾਏ ਜਾ ਰਹੇ ਲੋਕ ਸੇਵਾ ਕੈਂਪਾਂ ਦੀ ਲੜੀ ਤਹਿਤ ਪਿੰਡ ਕਰਮਗੜ੍ਹ, ਕਾਲੇਕੇ, ਢਿੱਲਵਾਂ, ਕੱਟੂ, ਜ਼ਿਲ੍ਹਾ ਜੇਲ੍ਹ, ਅਮਲਾ ਸਿੰਘ ਵਾਲਾ, ਠੀਕਰੀਵਾਲ ਅਤੇ ਸੇਖਾ, ਰਾਜਗੜ੍ਹ ਵਿਚ ਪਹਿਲਾਂ ਹੀ ਕੈਂਪ ਲਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਹਿਜੜਾ ਕੈਂਪ ਵਿੱਚ 164 ਦੇ ਕਰੀਬ ਮਰੀਜ਼ਾਂ ਦਾ ਅੱਖਾਂ ਦਾ ਚੈੱਕਅਪ, 91 ਵਿਅਕਤੀਆਂ ਨੂੰ ਮੁਫ਼ਤ ਐਨਕਾਂ ਤੇ ਦਵਾਈਆਂ ਤੋਂ ਇਲਾਵਾ ਜਨਮ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਲੇਬਰ ਕਾਰਡ, ਰਾਸ਼ਨ ਕਾਰਡ, ਆਧਾਰ ਕਾਰਡ, ਮੁੱਖ ਮੰਤਰੀ ਸਿਹਤ ਯੋਜਨਾ ਆਦਿ ਲਈ ਅਪਲਾਈ ਕਰਵਾਇਆ ਗਿਆ ਹੈ।

ਓਹਨਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮਕਸਦ ਪਿੰਡਾਂ ਦੇ ਲੋੜਵੰਦ ਲੋਕਾਂ ਨੂੰ ਘਰਾਂ ਦੇ ਨੇੜੇ ਸਿਹਤ ਸਹੂਲਤਾਂ ਦੇਣਾ ਅਤੇ ਸਰਕਾਰੀ ਸਕੀਮਾਂ ਤੇ ਸੇਵਾਵਾਂ ਲਈ ਅਪਲਾਈ ਕਰਵਾਉਣਾ ਹੈ। ਇਸ ਮੌਕੇ ਸਕੱਤਰ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਸਰਵਣ ਸਿੰਘ, ਰੈੱਡ ਕ੍ਰਾਸ ਦਾ ਸਟਾਫ ਅਤੇ ਪੰਚਾਇਤੀ ਮੈਂਬਰ ਹਾਜ਼ਰ ਸਨ।



