Uncategorized

1 ਸਤੰਬਰ ਨੂੰ ਅਨਾਜ ਮੰਡੀ ਸਰਦੂਲਗੜ੍ਹ ਵਿਖੇ ਹੋਵੇਗਾ ਡਰੋਨ ਸ਼ੋ : ਡਿਪਟੀ ਕਮਿਸ਼ਨਰ ਨਵਜੋਤ ਕੌਰ

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋ ਵਿੱਚ 500 ਡਰੋਨ ਦੇਣਗੇ ਪੇਸ਼ਕਾਰੀ

ਮਾਨਸਾ 30 ਅਗਸਤ ( ਸੂਤਰ )

ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ, ਜ਼ਿਲ੍ਹਾ ਮਾਨਸਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਵਿਸ਼ੇਸ਼ ਡਰੋਨ ਸ਼ੋ ਕਰਵਾਏ ਜਾ ਰਹੇ ਹਨ ਜਿਸ ਤਹਿਤ ਇੱਕ ਸਤੰਬਰ ਨੂੰ ਅਨਾਜ ਮੰਡੀ ਸਰਦੂਲਗੜ੍ਹ ਵਿਖੇ ਹੋਣ ਵਾਲੇ ਡਰੋਨ ਸ਼ੋ ਦੀਆਂ ਤਿਆਰੀਆਂ ਸਬੰਧੀ ਅੱਜ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।

ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਲਗਭਗ 500 ਡਰੋਨ ਇੱਕੋ ਸਮੇਂ ਅਸਮਾਨ ਵਿੱਚ ਉੱਡ ਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਬਾਣੀ ਅਤੇ ਮਹਾਨ ਸਿੱਖਿਆਵਾਂ ਉੱਤੇ ਅਧਾਰਿਤ ਆਕਰਸ਼ਕ ਪੇਸ਼ਕਾਰੀ ਦੇਣਗੇ। ਉਨ੍ਹਾਂ ਦੱਸਿਆ ਕਿ ਇਹ ਸ਼ੋ 1 ਸਤੰਬਰ ਨੂੰ ਸ਼ਾਮ 6.30 ਵਜੇ ਆਰੰਭ ਕੀਤਾ ਜਾਵੇਗਾ, ਤਾਂ ਜੋ ਸੰਗਤਾਂ ਨੂੰ ਗੁਰੂ ਸਾਹਿਬ ਦੇ ਭਾਈਚਾਰਕ ਸਾਂਝ, ਸਮਾਨਤਾ ਅਤੇ ਮਨੁੱਖਤਾ ਦੀ ਭਲਾਈ ਦੇ ਸੰਦੇਸ਼ ਨਾਲ ਜੋੜਿਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਪੁਲਿਸ ਅਧਿਕਾਰੀਆਂ ਨੂੰ ਸੁਰੱਖਿਆ, ਆਵਾਜਾਈ ਪ੍ਰਬੰਧਾਂ ਅਤੇ ਵਾਹਨਾਂ ਦੀ ਪਾਰਕਿੰਗ ਵਿਵਸਥਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਸ਼ੋ ਦੇਖਣ ਲਈ ਆਉਣ ਵਾਲੇ ਲੋਕਾਂ ਲਈ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ, ਬੈਠਣ ਵਿਵਸਥਾ, ਅਨਾਜ ਮੰਡੀ ਦੀ ਸਾਫ ਸਫਾਈ, ਬਿਜਲੀ ਦੀ ਨਿਰਵਿਘਨ ਸਪਲਾਈ ਆਦਿ ਦੇ ਨਿਰਦੇਸ਼ ਵੀ ਦਿੱਤੇ।

ਡਿਪਟੀ ਕਮਿਸ਼ਨਰ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਇਸ ਡਰੋਨ ਸ਼ੋ ਦਾ ਅਨੰਦ ਜ਼ਰੂਰ ਮਾਨਣ। ਉਨ੍ਹਾਂ ਦੱਸਿਆ ਕਿ 2 ਸਤੰਬਰ ਨੂੰ ਮਾਨਸਾ ਅਤੇ 3 ਸਤੰਬਰ ਨੂੰ ਬੁਢਲਾਡਾ ਵਿੱਚ ਵੀ ਅਜਿਹੇ ਡਰੋਨ ਸ਼ੋ ਕਰਵਾਏ ਜਾਣਗੇ। ਮੀਟਿੰਗ ਦੌਰਾਨ ਏਡੀਸੀ ਪੂਨਮ ਸਿੰਘ, ਐਸਡੀਐਮ ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ, ਐਸਡੀਐਮ ਮਾਨਸਾ ਬਲਜੀਤ ਕੌਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!