Uncategorized

ਐਸ.ਆਈ.ਆਰ ਤਹਿਤ ਡਿਜੀਟਾਈਜੇਸ਼ਨ ‘ਚ ਜ਼ਿਲ੍ਹਾ ਮਾਨਸਾ ਨੇ ਗੱਡੇ ਝੰਡੇ

ਜ਼ਿਲ੍ਹਾ ਮਾਨਸਾ ਨੇ ਗਣਨਾ ਫਾਰਮਾਂ ਦੀ 96.31 ਫ਼ੀਸਦੀ ਡਿਜੀਟਾਈਜੇਸ਼ਨ ਨਾਲ ਪੰਜਾਬ ਭਰ 'ਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ: ਨਵਜੋਤ ਕੌਰ

ਮਾਨਸਾ 6 ਅਗਸਤ ( ਸੂਤਰ )


ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਅਭਿਆਨ ਤਹਿਤ ਜ਼ਿਲ੍ਹਾ ਮਾਨਸਾ ਨੇ ਪੂਰੇ ਪੰਜਾਬ ਵਿੱਚ ਆਪਣੀ ਬੱਲੇ-ਬੱਲੇ ਕਰਵਾਉਂਦਿਆਂ ਗਣਨਾ ਫਾਰਮਾਂ ਦੀ ਡਿਜੀਟਾਈਜੇਸ਼ਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਨੇ ਇਸ ਪ੍ਰਾਪਤੀ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਰਿਕਾਰਡ 96.31 ਫ਼ੀਸਦੀ ਗਣਨਾ ਫਾਰਮਾਂ ਦੀ ਡਿਜੀਟਾਈਜੇਸ਼ਨ ਦਾ ਕੰਮ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਚੁੱਕਾ ਹੈ। ਇੰਨਾ ਹੀ ਨਹੀਂ, ਸੂਬੇ ਦੇ ਕੁੱਲ 117 ਵਿਧਾਨ ਸਭਾ ਹਲਕਿਆਂ ਵਿੱਚੋਂ ਮਾਨਸਾ ਦਾ ਬੁਢਲਾਡਾ ਹਲਕਾ 96.94 ਫ਼ੀਸਦੀ ਡਿਜੀਟਾਈਜੇਸ਼ਨ ਨਾਲ ਪੂਰੇ ਪੰਜਾਬ ਵਿੱਚੋਂ ਸਿਖਰ ‘ਤੇ ਰਿਹਾ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 3 ਅਗਸਤ ਤੱਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ ਪ੍ਰਕਿਰਿਆ ਵੀ ਪੂਰੀ ਕੀਤੀ ਜਾ ਚੁੱਕੀ ਹੈ। ਮਾਨਸਾ ਜ਼ਿਲ੍ਹੇ ਵਿਚ ਪਹਿਲਾਂ 645 ਪੋਲਿੰਗ ਸਟੇਸ਼ਨ ਸਨ ਅਤੇ ਹੁਣ ਰੈਸ਼ਨਲਾਈਜੇਸ਼ਨ ਉਪਰੰਤ ਚੋਣ ਹਲਕਾ ਮਾਨਸਾ ਵਿਖੇ 4 ਅਤੇ ਸਰਦੂਲਗੜ੍ਹ ਵਿਖੇ 1 ਹੋਰ ਪੋਲਿੰਗ ਸਟੇਸ਼ਨ ਬਣਨ ਨਾਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 650 ਹੋ ਚੁੱਕੀ ਹੈ।

ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾ ਕੀਤੀ ਜਾਵੇਗੀ ਜਿਸ ਉਪਰੰਤ ਜੇਕਰ ਕੋਈ ਨਾਗਰਿਕ ਗਣਨਾ ਫਾਰਮ ਭਰਨ ਤੋਂ ਵਾਂਝਾ ਰਹਿ ਗਿਆ ਹੋਵੇ ਤਾਂ ਉਹ 13 ਅਗਸਤ ਤੋਂ 12 ਸਤੰਬਰ ਤੱਕ ਆਪਣਾ ਦਾਅਵਾ ਫਾਰਮ ਨੰਬਰ 6 ਵਿੱਚ ਭਰਕੇ ਸਬੰਧਤ ਬੀ.ਐਲ.ਓ ਜਾਂ ਈ.ਆਰ.ਓ. ਕੋਲ ਜਮ੍ਹਾ ਕਰਵਾ ਸਕਦਾ ਹੈ। 08 ਅਕਤੂਬਰ ਤੱਕ ਦਾਅਵੇ ਤੇ ਇਤਰਾਜ਼ਾਂ ਦਾ ਨਿਪਟਾਰਾ ਕੀਤਾ ਜਾਵੇਗਾ।

ਜ਼ਿਲ੍ਹਾ ਚੋਣ ਅਫ਼ਸਰ ਨੇ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਜ਼ਰੂਰ ਬਣਵਾਉਣ। ਇਨ੍ਹਾਂ ਨੇ ਸਮੂਹ ਵੋਟਰਾਂ, ਰਾਜਨੀਤਕ ਪਾਰਟੀਆਂ, ਮੀਡੀਆ ਸਹਿਯੋਗੀਆਂ ਅਤੇ ਐੱਸ.ਆਈ.ਆਰ. ਪ੍ਰਕਿਰਿਆ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਉਣ ਲਈ ਸਮੂਹ ਅਮਲੇ ਨੂੰ ਵੀ ਵਧਾਈ ਦਿੱਤੀ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪੂਨਮ ਸਿੰਘ ਅਤੇ ਤਹਿਸੀਲਦਾਰ ਚੋਣਾਂ ਭੂਸ਼ਣ ਕੁਮਾਰ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!