ਐਨਵੀਬੀਡੀਸੀਪੀ ਪ੍ਰੋਗ੍ਰਾਮ ਅਧੀਨ ਵੱਖ-ਵੱਖ ਏਰੀਆ ਵਿੱਚ ਕੀਤੀਆਂ ਡੇਂਗੂ ਵਿਰੋਧੀ ਗਤੀਵਿਧੀਆਂ
ਜਾਗਰੂਕਤਾ ਅਤੇ ਸਾਵਧਾਨੀਆਂ ਰੱਖ ਕੇ ਡੇਂਗੂ ਦਾ ਖਾਤਮਾ ਸੰਭਵ : ਸਿਵਲ ਸਰਜਨ ਡਾ. ਕਵਿਤਾ ਸਿੰਘ

ਫਾਜ਼ਿਲਕਾ 05 ਜੁਲਾਈ ( ਸੂਤਰ )

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਕਵਿਤਾ ਸਿੰਘ ਸਿਵਲ ਸਰਜਨ ਫਾਜ਼ਿਲਕਾ ਦੀ ਉਚੇਚੀ ਨਿਗਰਾਨੀ ਅਤੇ ਡਾ ਸੁਨੀਤਾ ਕੰਬੋਜ਼ ਜਿਲ੍ਹਾ ਐਪੀਡਿਮੈਲੋਜਿਸਟ ਦੀ ਦੇਖਰੇਖ ਵਿੱਚ ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗ੍ਰਾਮ (ਐਨਵੀਬੀਡੀਸੀਪੀ) ਅਧੀਨ ਜਿਲ੍ਹਾ ਫਾਜ਼ਿਲਕਾ ਦੇ ਸ਼ਹਿਰਾਂ ਅਤੇ ਪਿੰਡਾਂ ਅਤੇ ਵੱਖ ਵੱਖ ਹਾਈ ਰਿਸਕ ਏਰੀਏ ਵਿੱਚ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।


ਡਾ. ਕਵਿਤਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਗਰੂਕਤਾ ਅਤੇ ਸਾਵਧਾਨੀਆਂ ਰੱਖ ਕੇ ਹੀ ਡੇਂਗੂ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਡੇਂਗੂ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਜਿਆਦਾਤਰ ਦਿਨ ਵੇਲੇ ਹੀ ਕੱਟਦਾ ਹੈ। ਡਾ ਸੁਨੀਤਾ ਕੰਬੋਜ ਜਿਲ੍ਹਾ ਐਪੀਡਿਮੈਲੋਜਿਸਟ ਨੇ ਦੱਸਿਆ ਕਿ ਸਿਹਤ ਕਰਮੀਆਂ, ਆਸ਼ਾ ਵਰਕਰ ਅਤੇ ਬ੍ਰੀਡਿੰਗ ਚੈਕਰ ਦੀਆਂ ਟੀਮਾਂ ਵੱਲੋਂ ਐਂਟੀ ਲਾਰਵਾ ਗਤੀਵਿਧੀਆਂ ਦੇ ਨਾਲ ਹੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।

ਪੰਜਾਬ ਸਰਕਾਰ ਦੀ “ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ” ਮੁਹਿੰਮ ਬਾਰੇ ਦੱਸਦੇ ਹੋਏ ਉਹਨਾਂ ਕਿਹਾ ਕਿ ਇਸ ਅਧੀਨ ਕੂਲਰਾਂ ਅਤੇ ਗਮਲਿਆਂ ਦੀਆਂ ਟਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇਕ ਵਾਰ ਜਰੂਰ ਸਾਫ ਕਰੋ, ਕੱਪੜੇ ਅਜਿਹੇ ਪਾਓ ਜਿਸ ਨਾਲ ਸਰੀਰ ਢੱਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟੇ, ਸੌਣ ਵੇਲੇ ਮੱਛਰਦਾਨੀ ਦਾ ਇਸਤੇਮਾਲ ਕਰੋ, ਬੁਖਾਰ ਹੋਣ ਤੇ ਐਸਪਰੀਨ ਅਤੇ ਬਰੂਫਿਨ ਨਾ ਲਵੋ, ਸਿਰਫ ਪੈਰਾਸੀਟਾਮੋਲ ਗੋਲੀ ਹੀ ਲਵੋ, ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਕਰੋ, ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁਲ੍ਹੇ ਵਿੱਚ ਨਾ ਰੱਖੋ ਅਤੇ ਵਧੇਰੇ ਮਾਤਰਾ ਵਿੱਚ ਤਰਲ ਪਦਾਰਥ ਲਓ ਅਤੇ ਸੰਤੁਲਿਤ ਭੇਜਨ ਖਾਓ।

ਉਹਨਾਂ ਦੱਸਿਆ ਕਿ ਜੇਕਰ ਕਿਸੇ ਨੂੰ ਤੇਜ਼ ਬੁਖਾਰ, ਮਾਸ ਪੇਸ਼ੀਆਂ ਵਿੱਚ ਦਰਦ, ਅੱਖਾਂ ਪਿੱਛੇ ਦਰਦ, ਸਿਰ ਦਰਦ, ਚਮੜੀ ਤੇ ਦਾਣੇ ਅਤੇ ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਆਵੇ ਤਾਂ ਜਲਦੀ ਤੋਂ ਜਲਦੀ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਟੈਸਟ ਅਤੇ ਇਲਾਜ ਕਰਵਾਓ। ਡੇਂਗੂ ਦਾ ਟੈਸਟ ਅਤੇ ਇਲਾਜ ਸਿਹਤ ਵਿਭਾਗ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਮੁਹਿੰਮ ਵਿੱਚ ਸਮੂਹ ਸਿਹਤ ਸਟਾਫ, ਆਸ਼ਾ ਵਰਕਰ, ਨਰਸਿੰਗ ਵਿਦਿਆਰਥੀ ਅਤੇ ਬ੍ਰੀਡਿੰਗ ਚੈੱਕਰ ਸਹਿਯੋਗ ਕਰ ਰਹੇ ਹਨ।



