Uncategorized

ਡਾ. ਸਤਿੰਦਰਜੀਤ ਸਿੰਘ ਬਾਜਾਜ ਅਤੇ ਡਾ. ਰਸ਼ਮੀ ਵਿਜ ਸਿਹਤ ਸੇਵਾਵਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਡਾਕਟਰਜ਼ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 5 ਜੁਲਾਈ ( ਸੂਤਰ )


ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਅਤੇ ਸ਼ਾਨਦਾਰ ਕਾਰਗੁਜ਼ਾਰੀ ਲਈ ਸਿਵਲ ਸਰਜਨ ਅੰਮ੍ਰਿਤਸਰ ਡਾ. ਸਤਿੰਦਰਜੀਤ ਸਿੰਘ ਬਾਜਾਜ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ-ਕਮ-ਨੋਡਲ ਅਫ਼ਸਰ, ਆਮ ਆਦਮੀ ਕਲੀਨਿਕ ਡਾ. ਰਸ਼ਮੀ ਵਿਜ ਨੂੰ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕਰਵਾਏ ਗਏ ਰਾਜ ਪੱਧਰੀ ਡਾਕਟਰਜ਼ ਐਵਾਰਡ ਸਮਾਰੋਹ ਦੌਰਾਨ ਰਾਜ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਡਾ. ਸਤਿੰਦਰਜੀਤ ਸਿੰਘ ਬਾਜਾਜ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਡੀ.ਐਨ.ਬੀ. (Diplomate of National Board) ਪੋਸਟ ਗ੍ਰੈਜੂਏਟ ਕੋਰਸ ਦੀ ਸਫ਼ਲ ਸ਼ੁਰੂਆਤ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਪਹਿਲਕਦਮੀ ਨਾਲ ਸਰਕਾਰੀ ਸਿਹਤ ਖੇਤਰ ਵਿੱਚ ਮਾਹਿਰ ਡਾਕਟਰਾਂ ਦੀ ਤਿਆਰੀ ਨੂੰ ਨਵੀਂ ਦਿਸ਼ਾ ਅਤੇ ਮਜ਼ਬੂਤੀ ਮਿਲੀ ਹੈ। ਇਸ ਤੋਂ ਇਲਾਵਾ ਸੀ.ਬੀ.ਐਮ.ਈ. (Competency-Based Medical Education) ਅਨੁਸਾਰ ਫਾਰਮਾਕੋਲੋਜੀ ਦੀ ਪਾਠ ਪੁਸਤਕ ਦੀ ਰਚਨਾ ਰਾਹੀਂ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਵੀ ਵਿਸ਼ੇਸ਼ ਮਾਨਤਾ ਦਿੱਤੀ ਗਈ।

ਇਸੇ ਤਰ੍ਹਾਂ ਡਾ. ਰਸ਼ਮੀ ਵਿਜ ਨੂੰ ਪੰਜਾਬ ਵਿੱਚ ਹਿਊਮਨ ਪੈਪੀਲੋਮਾ ਵਾਇਰਸ (HPV) ਟੀਕਾਕਰਨ ਦੀ ਸਭ ਤੋਂ ਵੱਧ ਕਵਰੇਜ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਅਤੇ ਸਿਵਲ ਹਸਪਤਾਲ ਲਈ ਪਹਿਲਾ ‘ਮੁਸਕਾਨ (MusQan)’ ਸਰਟੀਫਿਕੇਸ਼ਨ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਅਗਵਾਈ ਹੇਠ ਮਾਤਾ ਅਤੇ ਬਾਲ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਦਰਜ ਕੀਤਾ ਗਿਆ ਹੈ।

ਇਸ ਮੌਕੇ ਡਾ. ਸਤਿੰਦਰਜੀਤ ਸਿੰਘ ਬਾਜਾਜ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਮਾਣ ਅਤੇ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਇਹ ਐਵਾਰਡ ਉਨ੍ਹਾਂ ਨੂੰ ਲੋਕਾਂ ਨੂੰ ਹੋਰ ਬਿਹਤਰ ਅਤੇ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਹੋਰ ਵੱਧ ਸਮਰਪਣ ਅਤੇ ਨਿਸ਼ਠਾ ਨਾਲ ਕੰਮ ਕਰਨ ਦੀ ਪ੍ਰੇਰਣਾ ਦੇਵੇਗਾ। ਉਨ੍ਹਾਂ ਇਸ ਉਪਲਬਧੀ ਦਾ ਸਿਹਰਾ ਸਿਹਤ ਵਿਭਾਗ ਦੀ ਸਮੁੱਚੀ ਟੀਮ ਨੂੰ ਦਿੰਦਿਆਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਦੀ ਭਰਪੂਰ ਸਰਾਹਨਾ ਕੀਤੀ।

ਇਹ ਰਾਜ ਪੱਧਰੀ ਸਨਮਾਨ ਦੋਵਾਂ ਅਧਿਕਾਰੀਆਂ ਦੀ ਸਮਰਪਿਤ ਸੇਵਾ, ਪ੍ਰਭਾਵਸ਼ਾਲੀ ਅਗਵਾਈ ਅਤੇ ਲੋਕ ਸਿਹਤ ਦੇ ਖੇਤਰ ਵਿੱਚ ਕੀਤੇ ਗਏ ਸ਼ਾਨਦਾਰ ਯੋਗਦਾਨ ਦੀ ਮਾਨਤਾ ਹੈ। ਉਨ੍ਹਾਂ ਦੀ ਇਹ ਉਪਲਬਧੀ ਸਿਹਤ ਵਿਭਾਗ ਅੰਮ੍ਰਿਤਸਰ ਲਈ ਮਾਣ ਵਾਲੀ ਗੱਲ ਹੈ ਅਤੇ ਸੂਬੇ ਭਰ ਦੇ ਸਿਹਤ ਕਰਮਚਾਰੀਆਂ ਲਈ ਪ੍ਰੇਰਣਾਦਾਇਕ ਸਾਬਤ ਹੋਵੇਗੀ।

Related Articles

Leave a Reply

Your email address will not be published. Required fields are marked *

Back to top button
error: Content is protected !!