Uncategorized

ਸੇਫ਼ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲੀਆਂ ਸਕੂਲ ਵੈਨਾਂ ਦੀ ਆਰ.ਟੀ.ਓ. ਪਠਾਨਕੋਟ ਵੱਲੋਂ ਅਚਨਚੇਤ ਵਿਸ਼ੇਸ਼ ਚੈਕਿੰਗ

ਸਕੂਲੀ ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ: ਆਰ.ਟੀ.ਓ. ਸ਼ੰਕਰ ਸ਼ਰਮਾ 

ਪਠਾਨਕੋਟ 10 ਸਤੰਬਰ ( ਸੂਤਰ )


ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਤਹਿਤ ਸਕੂਲੀ ਵਿਦਿਆਰਥੀਆਂ ਦੇ ਸੁਰੱਖਿਅਤ ਸਫ਼ਰ ਨੂੰ ਯਕੀਨੀ ਬਣਾਉਣ ਲਈ ‘ਸੇਫ਼ ਸਕੂਲ ਵਾਹਨ ਪਾਲਿਸੀ’ ਅਧੀਨ ਰੀਜਨਲ ਟਰਾਂਸਪੋਰਟ ਅਫ਼ਸਰ  ਪਠਾਨਕੋਟ ਸ਼ੰਕਰ ਸ਼ਰਮਾ ਦੀ ਅਗਵਾਈ ਹੇਠ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ।
​ਚੈਕਿੰਗ ਦੌਰਾਨ ਆਰ.ਟੀ.ਓ. ਸ਼ੰਕਰ ਸ਼ਰਮਾ ਅਤੇ ਏ.ਟੀ.ਓ. ਸੁਭਾਸ਼ ਚੰਦਰ ਵੱਲੋਂ ਵੱਖ-ਵੱਖ ਸਕੂਲਾਂ ਦੇ ਬਾਹਰ ਅਤੇ ਮੁੱਖ ਮਾਰਗਾਂ ‘ਤੇ ਸਕੂਲ ਬੱਸਾਂ ਤੇ ਵੈਨਾਂ ਨੂੰ ਰੋਕ ਕੇ ਉਨ੍ਹਾਂ ਦੇ ਜ਼ਰੂਰੀ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਗਈ।

ਟੀਮ ਵੱਲੋਂ ਵਾਹਨਾਂ ਦੇ ਵੈਧ ਪਰਮਿਟ, ਫਿਟਨੈੱਸ ਸਰਟੀਫਿਕੇਟ, ਇੰਸ਼ੋਰੈਂਸ, ਪ੍ਰਦੂਸ਼ਣ ਸਰਟੀਫਿਕੇਟ ਅਤੇ ਚਾਲਕਾਂ ਦੇ ਡਰਾਈਵਿੰਗ ਲਾਇਸੈਂਸ ਚੈੱਕ ਕੀਤੇ ਗਏ। ਇਸ ਤੋਂ ਇਲਾਵਾ ਵਾਹਨਾਂ ਅੰਦਰ ਸੁਰੱਖਿਆ ਪ੍ਰਬੰਧਾਂ ਜਿਵੇਂ ਕਿ ਸੀ.ਸੀ.ਟੀ.ਵੀ. ਕੈਮਰੇ,  ਸਪੀਡ ਗਵਰਨਰ, ਅੱਗ ਬੁਝਾਊ ਯੰਤਰ, ਫਰਸਟ ਏਡ ਬਾਕਸ, ਐਮਰਜੈਂਸੀ ਵਿੰਡੋ/ਗੇਟ ਅਤੇ ਵਿਦਿਆਰਥਣਾਂ ਦੀ ਸੁਰੱਖਿਆ ਹਿੱਤ ਲੇਡੀ ਅਟੈਂਡੈਂਟ ਦੀ ਤਾਇਨਾਤੀ ਦੀ ਵਿਸ਼ੇਸ਼ ਜਾਂਚ ਕੀਤੀ ਗਈ।
​ਜਾਂਚ ਦੌਰਾਨ ਜਿਨ੍ਹਾਂ ਸਕੂਲ ਵੈਨਾਂ ਅਤੇ ਬੱਸਾਂ ਵਿੱਚ ਨਿਯਮਾਂ ਦੀ ਉਲੰਘਣਾ ਪਾਈ ਗਈ—ਜਿਵੇਂ ਕਿ ਅਧੂਰੇ ਦਸਤਾਵੇਜ਼, ਸੀਸੀਟੀਵੀ ਨਾ ਹੋਣਾ, ਅੱਗ ਬੁਝਾਊ ਯੰਤਰਾਂ ਦੀ ਘਾਟ —ਉਨ੍ਹਾਂ ਵਿਰੁੱਧ ਮੋਟਰ ਵਾਹਨ ਐਕਟ ਤਹਿਤ ਮੌਕੇ ‘ਤੇ ਹੀ ਚਲਾਨ ਕੱਟਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

​ਇਸ ਮੌਕੇ ਆਰ.ਟੀ.ਓ. ਪਠਾਨਕੋਟ ਸ਼ੰਕਰ ਸ਼ਰਮਾ ਨੇ ਸਖ਼ਤ ਸ਼ਬਦਾਂ ਵਿੱਚ ਤਾੜਨਾ ਕਰਦਿਆਂ ਕਿਹਾ ਕਿ ਮਾਸੂਮ ਸਕੂਲੀ ਬੱਚਿਆਂ ਦੀ ਜ਼ਿੰਦਗੀ ਅਤੇ ਸੁਰੱਖਿਆ ਨਾਲ ਕਿਸੇ ਵੀ ਕੀਮਤ ‘ਤੇ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸਕੂਲ ਪ੍ਰਬੰਧਕਾਂ ਅਤੇ ਟਰਾਂਸਪੋਰਟਰਾਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਸਕੂਲੀ ਡਿਊਟੀ ‘ਤੇ ਲੱਗੇ ਹਰ ਵਾਹਨ ਵਿੱਚ ਸੇਫ਼ ਸਕੂਲ ਵਾਹਨ ਪਾਲਿਸੀ ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਲਾਜ਼ਮੀ ਹੋਣੀ ਚਾਹੀਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅੱਗੇ ਤੋਂ ਗੰਭੀਰ ਖਾਮੀਆਂ ਜਾਂ ਬਿਨਾਂ ਫਿਟਨੈੱਸ ਸਰਟੀਫਿਕੇਟ ਤੋਂ ਚੱਲਣ ਵਾਲੇ ਵਾਹਨਾਂ ਨੂੰ ਮੌਕੇ ‘ਤੇ ਹੀ ਜ਼ਬਤ ਕੀਤਾ ਜਾਵੇਗਾ।

​ਏ.ਟੀ.ਓ. ਸੁਭਾਸ਼ ਚੰਦਰ ਨੇ ਮਾਪਿਆਂ ਨੂੰ ਵੀ ਜਾਗਰੂਕ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਆਪਣੇ ਬੱਚਿਆਂ ਨੂੰ ਸਕੂਲ ਲਿਆਉਣ-ਲਿਜਾਣ ਵਾਲੇ ਵਾਹਨਾਂ ਦੇ ਸੁਰੱਖਿਆ ਮਾਪਦੰਡਾਂ ‘ਤੇ ਨਜ਼ਰ ਰੱਖਣ ਅਤੇ ਕਿਸੇ ਵੀ ਖਾਮੀ ਦੀ ਸੂਰਤ ਵਿੱਚ ਤੁਰੰਤ ਵਿਭਾਗ ਦੇ ਧਿਆਨ ਵਿੱਚ ਲਿਆਉਣ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਭਾਗ ਵੱਲੋਂ ਇਹ ਚੈਕਿੰਗ ਮੁਹਿੰਮ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹੇਗੀ।

Related Articles

Leave a Reply

Your email address will not be published. Required fields are marked *

Back to top button
error: Content is protected !!