‘ਮਾਵਾਂ ਧੀਆਂ ਦੀ ਹੱਟੀ’ ਰਾਹੀਂ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਵਿਸ਼ੇਸ਼ ਪਹਿਲਕਦਮੀ
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਵਧਾਇਆ ਸਵੈ-ਸਹਾਇਤਾ ਸਮੂਹਾਂ ਦਾ ਹੌਂਸਲਾ

ਮਾਨਸਾ 10 ਸਤੰਬਰ ( ਸੂਤਰ )

ਔਰਤਾਂ ਦੀ ਆਰਥਿਕ ਆਜ਼ਾਦੀ ਅਤੇ ਸਮਾਜਿਕ ਸਸ਼ਕਤੀਕਰਨ ਨੂੰ ਨਵੀਂ ਉੱਚਾਈ ਦੇਣ ਦੇ ਉਦੇਸ਼ ਨਾਲ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਸਥਾਨਕ ਬਾਲ ਭਵਨ ਵਿਖੇ ‘ਮਾਵਾਂ ਧੀਆਂ ਦੀ ਹੱਟੀ’ ਤਹਿਤ ਵਿਸ਼ੇਸ਼ ਮੰਡੀ ਦਾ ਆਯੋਜਨ ਕੀਤਾ ਗਿਆ।


ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕ੍ਰਿਤਿਕਾ ਗੋਇਲ ਆਈ.ਏ.ਐੱਸ ਸਮੇਤ ਸ਼ਿਰਕਤ ਕਰਕੇ ਮਹਿਲਾ ਸਵੈ-ਸਹਾਇਤਾ ਸਮੂਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ।


ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਮਹਿਲਾ ਸਸ਼ਕਤੀਕਰਨ ਉੱਤੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਕਿ ‘ਮਾਵਾਂ ਧੀਆਂ ਦੀ ਹੱਟੀ’ ਦਾ ਮੁੱਖ ਮੰਤਵ ਪੇਂਡੂ ਖੇਤਰ ਦੀਆਂ ਔਰਤਾਂ ਨੂੰ ਆਪਣੇ ਘਰੇਲੂ ਤੇ ਹੱਥੀਂ ਤਿਆਰ ਕੀਤੇ ਉਤਪਾਦ ਵੇਚਣ ਲਈ ਇਕ ਪੱਕਾ ਤੇ ਸਨਮਾਨਜਨਕ ਮੰਚ ਮੁਹੱਈਆ ਕਰਵਾਉਣਾ ਹੈ, ਤਾਂ ਜੋ ਉਹ ਆਰਥਿਕ ਤੌਰ ‘ਤੇ ਖ਼ੁਦਮੁਖ਼ਤਿਆਰ ਹੋ ਕੇ ਆਪਣੇ ਪਰਿਵਾਰਾਂ ਦਾ ਸਹਾਰਾ ਬਣ ਸਕਣ। ਉਨ੍ਹਾਂ ਦੱਸਿਆ ਕਿ ਇਹ ਹੱਟੀ ਹਰ ਸ਼ੁੱਕਰਵਾਰ ਨੂੰ ਲਗਾਈ ਜਾਵੇਗੀ, ਜਿੱਥੇ ਜ਼ਿਲ੍ਹਾ ਵਾਸੀ ਹੱਥੀਂ ਬਣੀਆਂ ਚੀਜ਼ਾਂ ਅਤੇ ਸ਼ੁੱਧ ਆਰਗੈਨਿਕ ਖੁਰਾਕੀ ਵਸਤਾਂ ਦੀ ਖ਼ਰੀਦਦਾਰੀ ਕਰ ਸਕਣਗੇ।

ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਮਾਨਸਾ ਤੋਂ ਇਲਾਵਾ ਬਠਿੰਡਾ ਅਤੇ ਸੰਗਰੂਰ ਦੇ 15 ਮਹਿਲਾ ਸਵੈ-ਸਹਾਇਤਾ ਸਮੂਹਾਂ ਨੇ ਆਪਣੇ ਉਤਪਾਦਾਂ ਦੀਆਂ ਸਟਾਲਾਂ ਲਗਾ ਕੇ ਆਤਮ-ਨਿਰਭਰਤਾ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਆਉਂਦੇ ਦੀਵਾਲੀ ਦੇ ਤਿਉਹਾਰ ਮੌਕੇ ਇਨ੍ਹਾਂ ਮਹਿਲਾ ਸਮੂਹਾਂ ਲਈ ਵਿਸ਼ਾਲ ਸਟਾਲਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਦੀ ਕਮਾਈ ਨੂੰ ਹੋਰ ਹੁਲਾਰਾ ਮਿਲ ਸਕੇ।

ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਹੱਟੀ ਤੋਂ ਖ਼ਰੀਦਦਾਰੀ ਕਰਕੇ ਨਾਰੀ ਸ਼ਕਤੀ ਦਾ ਮਾਣ ਵਧਾਉਣ ਅਤੇ ਇਨ੍ਹਾਂ ਮਿਹਨਤੀ ਔਰਤਾਂ ਦੇ ਹੌਂਸਲੇ ਨੂੰ ਹੋਰ ਬੁਲੰਦ ਕਰਨ।




