Uncategorized

ਐੱਸ.ਐੱਮ.ਓ. ਡਾ. ਸੁਮਿਤ ਲੂਣਾ ਦੀ ਅਗਵਾਈ ਹੇਠ ਅਰਬਨ ਜਲਾਲਾਬਾਦ ’ਚ ਐਂਟੀ-ਡੇਂਗੂ ਮੁਹਿੰਮ ਤੇਜ਼

ਡਾ. ਸੁਮਨਦੀਪ ਦੀ ਹਾਜ਼ਰੀ ਵਿੱਚ ਸਿਵਲ ਹਸਪਤਾਲ ਵਿਖੇ ਮੁੱਖ ਐਂਟੀ-ਲਾਰਵਾ ਗਤੀਵਿਧੀ; ਹੋਰ ਸਰਕਾਰੀ ਸਿਹਤ ਸੰਸਥਾਵਾਂ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਜਾਂਚ

ਫਾਜ਼ਿਲਕਾ 9 ਸਤੰਬਰ ( ਸੂਤਰ )


ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ, ਜ਼ਿਲ੍ਹਾ ਐਪੀਡੀਮੀਓਲੋਜਿਸਟ ਡਾ. ਸੁਨੀਤਾ ਕੰਬੋਜ ਅਤੇ ਡਾ. ਕਰਨਬੀਰ ਕੰਬੋਜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਹਸਪਤਾਲ ਜਲਾਲਾਬਾਦ ਦੇ ਐੱਸ.ਐੱਮ.ਓ. ਡਾ. ਸੁਮਿਤ ਲੂਣਾ ਦੀ ਯੋਗ ਅਗਵਾਈ ਹੇਠ ਮੈਡੀਕਲ ਅਫਸਰ ਡਾ. ਸੁਮਨਦੀਪ ਦੀ ਹਾਜ਼ਰੀ ਵਿੱਚ ਸਿਹਤ ਵਿਭਾਗ ਦੀ ਐੱਨ.ਵੀ.ਬੀ.ਡੀ.ਸੀ.ਪੀ. ਬ੍ਰਾਂਚ ਅਰਬਨ ਜਲਾਲਾਬਾਦ ਵੱਲੋਂ ਨਗਰ ਕੌਂਸਲ ਜਲਾਲਾਬਾਦ ਦੇ ਸਹਿਯੋਗ ਨਾਲ ਐਂਟੀ-ਡੇਂਗੂ ਮੁਹਿੰਮ ਤਹਿਤ ਵਿਸ਼ੇਸ਼ ਐਂਟੀ-ਲਾਰਵਾ ਗਤੀਵਿਧੀਆਂ ਕੀਤੀਆਂ ਗਈਆਂ।

ਮੁਹਿੰਮ ਤਹਿਤ ਮੁੱਖ ਗਤੀਵਿਧੀ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਕੀਤੀ ਗਈ। ਇਸ ਦੌਰਾਨ ਹਸਪਤਾਲ ਦੇ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਦੇ ਸਹਿਯੋਗ ਨਾਲ ਕੂਲਰਾਂ, ਪਾਣੀ ਦੀਆਂ ਟੈਂਕੀਆਂ, ਗਮਲਿਆਂ ਅਤੇ ਹੋਰ ਪਾਣੀ ਇਕੱਠਾ ਹੋਣ ਵਾਲੀਆਂ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਿੱਥੇ ਲੋੜ ਪਈ, ਉੱਥੇ ਲਾਰਵੀਸਾਈਡ ਦਾ ਛਿੜਕਾਅ ਕਰਕੇ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਗਏ।

ਇਸ ਤੋਂ ਇਲਾਵਾ ਅਰਬਨ ਜਲਾਲਾਬਾਦ ਦੀਆਂ ਹੋਰ ਸਰਕਾਰੀ ਸਿਹਤ ਸੰਸਥਾਵਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਐਂਟੀ-ਲਾਰਵਾ ਗਤੀਵਿਧੀਆਂ ਕੀਤੀਆਂ ਗਈਆਂ। ਇਨ੍ਹਾਂ ਗਤੀਵਿਧੀਆਂ ਉਪਰੰਤ ਸਿਹਤ ਵਿਭਾਗ ਦੀ ਟੀਮ ਵੱਲੋਂ ਘਰ-ਘਰ ਜਾ ਕੇ ਵੀ ਸੰਭਾਵਿਤ ਮੱਛਰ ਪੈਦਾਵਾਰ ਵਾਲੀਆਂ ਥਾਵਾਂ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਡੇਂਗੂ ਤੇ ਮਲੇਰੀਆ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।

ਇਸ ਮੌਕੇ ਮੈਡੀਕਲ ਅਫਸਰ ਡਾ. ਸੁਮਨਦੀਪ ਨੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਮੱਛਰਾਂ ਦੀ ਪੈਦਾਵਾਰ ਦੇ ਸਰੋਤਾਂ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਡੇਂਗੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਤੇਜ਼ ਬੁਖ਼ਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਸਰੀਰ ਦਰਦ ਜਾਂ ਚਮੜੀ ’ਤੇ ਲਾਲ ਦਾਣੇ ਆਦਿ ਲੱਛਣ ਹੋਣ ’ਤੇ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿੱਚ ਜਾਂਚ ਕਰਵਾਈ ਜਾਵੇ ਅਤੇ ਡਾਕਟਰ ਦੀ ਸਲਾਹ ਅਨੁਸਾਰ ਹੀ ਇਲਾਜ ਕਰਵਾਇਆ ਜਾਵੇ।

ਇਸ ਮੌਕੇ ਅਮਨਦੀਪ ਸਿੰਘ ਬਰਾੜ ਸਟੈਨੋ, ਐੱਨ.ਵੀ.ਬੀ.ਡੀ.ਸੀ.ਪੀ. ਬ੍ਰਾਂਚ ਅਰਬਨ ਜਲਾਲਾਬਾਦ ਦੇ ਇੰਚਾਰਜ ਜਸਪਾਲ ਸਿੰਘ ਸਿੱਧੂ, ਲੇਖ ਰਾਜ, ਦਰਸ਼ਨਾਂ ਰਾਣੀ, ਸੀਮਾ ਰਾਣੀ ਐੱਮ.ਪੀ.ਐੱਚ.ਡਬਲਯੂ ਸਮੇਤ ਸਿਹਤ ਵਿਭਾਗ ਦੀ ਟੀਮ, ਸਿਵਲ ਹਸਪਤਾਲ ਜਲਾਲਾਬਾਦ ਦਾ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ, ਨਗਰ ਕੌਂਸਲ ਜਲਾਲਾਬਾਦ ਦਾ ਕਰਮਚਾਰੀ ਰਿੰਕੂ ਕੁਮਾਰ, ਬਰੀਡਿੰਗ ਚੈੱਕਰ ਅਤੇ ਸਥਾਨਕ ਲੋਕ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!