Uncategorized

ਖੰਨੇ ਦੀ ਧੀ ਰਿਧਮ ਪਠਾਨੀਆ ਨੇ ਐਸ.ਐਸ.ਸੀ. ਪ੍ਰੀਖਿਆ ਵਿੱਚ ਆਲ ਇੰਡੀਆ ਪੱਧਰ ’ਤੇ ਦੂਜਾ ਰੈਂਕ ਹਾਸਲ ਕਰਕੇ ਰਚਿਆ ਇਤਿਹਾਸ: ਤਰੁਨਪ੍ਰੀਤ ਸਿੰਘ ਸੌਂਦ

ਖੰਨਾ, 20 ਅਗਸਤ ( ਸੂਤਰ )


ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨੇ ਦੀ ਹੋਣਹਾਰ ਧੀ ਰਿਧਮ ਪਠਾਨੀਆ ਨੂੰ ਸ਼ਾਰਟ ਸਰਵਿਸ ਕਮਿਸ਼ਨ (ਐਸ.ਐਸ.ਸੀ.) ਪ੍ਰੀਖਿਆ ਵਿੱਚ ਪੂਰੇ ਭਾਰਤ ਵਿੱਚੋਂ ਦੂਜਾ ਰੈਂਕ (AIR-2) ਹਾਸਲ ਕਰਨ ’ਤੇ ਤਹਿ ਦਿਲੋਂ ਵਧਾਈ ਦਿੱਤੀ ਹੈ।

ਸ੍ਰੀ ਸੌਂਦ ਨੇ ਕਿਹਾ ਕਿ ਇਹ ਪੂਰੇ ਖੰਨਾ ਵਾਸੀਆਂ ਅਤੇ ਪੰਜਾਬ ਲਈ ਬੇਹੱਦ ਮਾਣ ਤੇ ਗੌਰਵ ਵਾਲੀ ਗੱਲ ਹੈ ਕਿ ਸਾਡੀ ਧੀ ਰਿਧਮ ਪਠਾਨੀਆ ਨੇ ਆਪਣੀ ਸਖ਼ਤ ਮਿਹਨਤ, ਲਗਨ, ਦ੍ਰਿੜ੍ਹ ਇਰਾਦੇ ਅਤੇ ਕਾਬਲੀਅਤ ਦੇ ਬਲਬੂਤੇ ’ਤੇ ਦੇਸ਼ ਪੱਧਰ ’ਤੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਰਿਧਮ ਦੀ ਇਹ ਉਪਲਬਧੀ ਨਾ ਸਿਰਫ਼ ਉਸਦੇ ਪਰਿਵਾਰ ਲਈ, ਸਗੋਂ ਪੂਰੇ ਖੰਨਾ ਸ਼ਹਿਰ ਅਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ।

ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਰਿਧਮ ਪਠਾਨੀਆ ਦੀ ਇਹ ਪ੍ਰਾਪਤੀ ਸਾਡੀਆਂ ਹੋਰਨਾਂ ਧੀਆਂ ਲਈ ਵੀ ਇੱਕ ਵੱਡੀ ਪ੍ਰੇਰਣਾ ਹੈ। ਉਸਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਨਸਾਨ ਦੇ ਹੌਂਸਲੇ ਬੁਲੰਦ ਹੋਣ, ਮਿਹਨਤ ਪ੍ਰਤੀ ਸਮਰਪਣ ਹੋਵੇ ਅਤੇ ਆਪਣੇ ਟੀਚੇ ਨੂੰ ਹਾਸਲ ਕਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਮੰਜ਼ਿਲ ਅਸੰਭਵ ਨਹੀਂ ਹੁੰਦੀ।

ਉਨ੍ਹਾਂ ਕਿਹਾ ਕਿ ਅੱਜ ਦੀਆਂ ਧੀਆਂ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ। ਰਿਧਮ ਨੇ ਵੀ ਆਪਣੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਇਹ ਸੰਦੇਸ਼ ਦਿੱਤਾ ਹੈ ਕਿ ਪੰਜਾਬ ਦੀਆਂ ਧੀਆਂ ਕਿਸੇ ਵੀ ਮੁਕਾਬਲੇ ਵਿੱਚ ਦੇਸ਼ ਦੇ ਬਾਕੀ ਹਿੱਸਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵੱਧਣ ਦੀ ਸਮਰੱਥਾ ਰੱਖਦੀਆਂ ਹਨ।

ਸ੍ਰੀ ਸੌਂਦ ਨੇ ਪਠਾਨੀਆ ਪਰਿਵਾਰ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਰਿਧਮ ਦੀ ਸਫਲਤਾ ਪਿੱਛੇ ਉਸਦੇ ਮਾਪਿਆਂ ਅਤੇ ਪਰਿਵਾਰ ਦੀ ਹੌਸਲਾ-ਅਫ਼ਜ਼ਾਈ, ਸਹਿਯੋਗ ਅਤੇ ਮਾਰਗਦਰਸ਼ਨ ਦਾ ਵੀ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਨੌਜਵਾਨ ਪੀੜ੍ਹੀ ਨੂੰ ਸਖ਼ਤ ਮਿਹਨਤ ਅਤੇ ਸਮਰਪਣ ਨਾਲ ਆਪਣੇ ਸੁਪਨੇ ਸਾਕਾਰ ਕਰਨ ਲਈ ਪ੍ਰੇਰਿਤ ਕਰਦੀਆਂ ਹਨ।

ਅੰਤ ਵਿੱਚ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਧੀ ਰਿਧਮ ਪਠਾਨੀਆ ਦਿਨ-ਦੁਗਣੀ ਅਤੇ ਰਾਤ-ਚੌਗੁਣੀ ਤਰੱਕੀ ਕਰੇ ਅਤੇ ਭਵਿੱਖ ਵਿੱਚ ਵੀ ਦੇਸ਼ ਤੇ ਪੰਜਾਬ ਦਾ ਨਾਮ ਰੌਸ਼ਨ ਕਰਦੀ ਰਹੇ।

Related Articles

Leave a Reply

Your email address will not be published. Required fields are marked *

Back to top button
error: Content is protected !!