Uncategorized

10 ਦਿਨਾਂ ਮਹਾਂ-ਸਫਾਈ ਅਭਿਆਨ’ ਤੋਂ ਅੱਗੇ ਵੀ ਮਲੇਰਕੋਟਲਾ ’ਚ ਸਫਾਈ ਦੀ ਮੁਹਿੰਮ ਜਾਰੀ; 11ਵੇਂ ਦਿਨ ਕੋਰਟ ਕੰਪਲੈਕਸ ਤੋਂ ਪੁਰਾਣਾ ਕਿਲਾ ਤੱਕ ਸੜਕਾਂ ਦੀ ਸਫਾਈ

ਸਫਾਈ ਕਿਸੇ ਇੱਕ ਦਿਨ ਜਾਂ ਅਭਿਆਨ ਤੱਕ ਸੀਮਤ ਨਹੀਂ, ਇਸ ਨੂੰ ਰੋਜ਼ਮਰ੍ਹਾ ਦੀ ਆਦਤ ਬਣਾਉਣਾ ਜ਼ਰੂਰੀ: ਚੰਦਰ ਪ੍ਰਕਾਸ਼ ਵਧਵਾ

ਮਲੇਰਕੋਟਲਾ, 8 ਸਤੰਬਰ ( ਸੂਤਰ )


ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘10 ਦਿਨਾਂ ਮਹਾਂ-ਸਫਾਈ ਅਭਿਆਨ’ ਦੀ ਭਾਵਨਾ ਨੂੰ ਅੱਗੇ ਤੋਰਦਿਆਂ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀਆਂ ਹਦਾਇਤਾਂ ਤਹਿਤ ਨਗਰ ਕੌਂਸਲ ਮਲੇਰਕੋਟਲਾ ਵੱਲੋਂ 11ਵੇਂ ਦਿਨ ਵੀ ਸ਼ਹਿਰ ਵਿੱਚ ਸਫਾਈ ਕਾਰਜ ਲਗਾਤਾਰ ਜਾਰੀ ਰੱਖੇ ਗਏ। ਇਸ ਦੌਰਾਨ ਜੁਡੀਸ਼ੀਅਲ ਕੋਰਟ ਕੰਪਲੈਕਸ ਤੋਂ ਪੁਰਾਣਾ ਕਿਲਾ ਤੱਕ ਦੀਆਂ ਸੜਕਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀ ਵਿਸ਼ੇਸ਼ ਸਫਾਈ ਕਰਵਾਈ ਗਈ।


ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਮਹਾਂ-ਸਫਾਈ ਅਭਿਆਨ ਦੌਰਾਨ ਪੈਦਾ ਹੋਈ ਸਫਾਈ ਪ੍ਰਤੀ ਜਾਗਰੂਕਤਾ ਅਤੇ ਸਰਗਰਮੀ ਨੂੰ ਅੱਗੇ ਵੀ ਇਸੇ ਤਰ੍ਹਾਂ ਕਾਇਮ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਸ਼ਹਿਰ ਸਿਰਫ਼ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ, ਸਗੋਂ ਨਾਗਰਿਕਾਂ ਦੀ ਸਾਂਝੀ ਭਾਗੀਦਾਰੀ ਨਾਲ ਹੀ ਸਫਾਈ ਨੂੰ ਸਥਾਈ ਰੂਪ ਦਿੱਤਾ ਜਾ ਸਕਦਾ ਹੈ।


ਇਸ ਸਬੰਧੀ ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਵਿੱਚ ਸਫਾਈ ਕਾਰਜਾਂ ਦੀ ਨਿਰੰਤਰਤਾ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਫਾਈ ਕਿਸੇ ਇੱਕ ਦਿਨ ਜਾਂ ਵਿਸ਼ੇਸ਼ ਅਭਿਆਨ ਨਾਲ ਖ਼ਤਮ ਹੋਣ ਵਾਲਾ ਕਾਰਜ ਨਹੀਂ, ਸਗੋਂ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਹਿੱਸਾ ਹੈ। ਇਸੇ ਸੋਚ ਨਾਲ ਨਗਰ ਕੌਂਸਲ ਵੱਲੋਂ ਸਫਾਈ ਕਾਰਜ ਲਗਾਤਾਰ ਜਾਰੀ ਰੱਖੇ ਜਾਣਗੇ।

ਉਨ੍ਹਾਂ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ, ਦੁਕਾਨਾਂ ਅਤੇ ਆਲੇ-ਦੁਆਲੇ ਸਫਾਈ ਰੱਖਣ ਦੇ ਨਾਲ ਕੂੜੇ ਦੀ ਵੱਖ-ਵੱਖ ਸੰਭਾਲ ਲਈ ਚਾਰ ਪ੍ਰਕਾਰ ਦੇ ਡਸਟਬਿਨ ਰੱਖਣ ਅਤੇ ਕੂੜਾ ਸੜਕਾਂ ਜਾਂ ਹੋਰ ਜਨਤਕ ਥਾਵਾਂ ’ਤੇ ਨਾ ਸੁੱਟਣ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਮਿਹਨਤ ਨੂੰ ਸਾਰਥਕ ਬਣਾਉਣ ਲਈ ਹਰੇਕ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

ਵਧਵਾ ਨੇ ਕਿਹਾ ਕਿ ਨਗਰ ਕੌਂਸਲ ਦਾ ਉਦੇਸ਼ ਸਫਾਈ ਨੂੰ ਮੁਹਿੰਮ ਤੋਂ ਅੱਗੇ ਲਿਜਾ ਕੇ ਲੋਕ-ਚੇਤਨਾ ਅਤੇ ਰੋਜ਼ਾਨਾ ਵਿਹਾਰ ਦਾ ਹਿੱਸਾ ਬਣਾਉਣਾ ਹੈ।ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀ-ਕਰਮਚਾਰੀ, ਸਵੱਛ ਭਾਰਤ ਮਿਸ਼ਨ ਦੀ ਟੀਮ ਅਤੇ ਪੈਸਕੋ ਸੁਪਰਵਾਈਜ਼ਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!