ਦੇਸ਼ ਦੇ ਨੌਜਵਾਨਾਂ ਅਤੇ Gen Z ਦੀ ਇੱਕਜੁੱਟਤਾ ਅੱਗੇ ਝੁਕੀ ਕੇਂਦਰ ਸਰਕਾਰ, ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਨੌਜਵਾਨ ਸ਼ਕਤੀ ਦੀ ਵੱਡੀ ਜਿੱਤ: ਪ੍ਰਭਬੀਰ ਬਰਾੜ

ਚੰਡੀਗੜ੍ਹ, 26 ਜੁਲਾਈ

ਪਨਸਪ ਦੇ ਚੇਅਰਮੈਨ ਪ੍ਰਭਬੀਰ ਬਰਾੜ ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਦੇਸ਼ ਦੇ ਕਰੋੜਾਂ ਨੌਜਵਾਨਾਂ ਅਤੇ ‘Gen Z’ (ਨਵੀਂ ਪੀੜ੍ਹੀ) ਦੀ ਇਤਿਹਾਸਕ ਜਿੱਤ ਕਰਾਰ ਦਿੱਤਾ ਹੈ।

ਪ੍ਰੈਸ ਬਿਆਨ ਜ਼ਾਰੀ ਕਰਦਿਆਂ ਪ੍ਰਭਬੀਰ ਬਰਾੜ ਨੇ ਕਿਹਾ ਕਿ ਇਹ ਮਹਿਜ਼ ਇੱਕ ਕੇਂਦਰੀ ਮੰਤਰੀ ਦਾ ਅਸਤੀਫ਼ਾ ਨਹੀਂ ਹੈ, ਸਗੋਂ ਇਹ ਦੇਸ਼ ਦੇ ਉਨ੍ਹਾਂ ਲੱਖਾਂ-ਕਰੋੜਾਂ ਹੋਣਹਾਰ ਨੌਜਵਾਨਾਂ ਦੇ ਸੰਘਰਸ਼ ਦੀ ਜਿੱਤ ਦਾ ਪ੍ਰਤੀਕ ਹੈ, ਜਿਨ੍ਹਾਂ ਦੇ ਭਵਿੱਖ ਨਾਲ ਪੇਪਰ ਲੀਕ ਵਰਗੀਆਂ ਘਟਨਾਵਾਂ ਰਾਹੀਂ ਖਿਲਵਾੜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨਾਕਾਮੀਆਂ ਅਤੇ ਪੇਪਰ ਲੀਕ ਦੇ ਮੁੱਦਿਆਂ ਤੋਂ ਪ੍ਰੇਸ਼ਾਨ ਹੋ ਕੇ ਕਈ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਨਸਿਕ ਪੀੜਾ ਵਿੱਚੋਂ ਲੰਘਣਾ ਪਿਆ। ਪਰ ਅੱਜ Gen Z ਅਤੇ ਦੇਸ਼ ਦੇ ਨੌਜਵਾਨਾਂ ਨੇ ਆਪਣੀ ਆਵਾਜ਼ ਬੁਲੰਦ ਕਰਕੇ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਹੈ।

ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਕੇਂਦਰ ਸਰਕਾਰ ਨੂੰ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੀ ਰਾਜਨੀਤੀ ਤੋਂ ਬਾਜ਼ ਆਉਣਾ ਚਾਹੀਦਾ ਹੈ। ਅੱਜ ਦੇਸ਼ ਦਾ ਯੂਥ ਜਾਗਰੂਕ ਹੋ ਚੁੱਕਾ ਹੈ। ਜੇਕਰ ਸਰਕਾਰਾਂ ਨੇ ਨੌਜਵਾਨਾਂ ਦੇ ਹੱਕਾਂ ‘ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।

ਪ੍ਰਭਬੀਰ ਬਰਾੜ ਨੇ ਇਸ ਇਤਿਹਾਸਕ ਮੋੜ ‘ਤੇ ਦੇਸ਼ ਦੇ ਸਮੁੱਚੇ ਨੌਜਵਾਨਾਂ, ਵਿਦਿਆਰਥੀਆਂ, Gen Z ਸਾਥੀਆਂ ਅਤੇ ਦੇਸ਼ ਵਾਸੀਆਂ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੱਤੀ। ਉਨ੍ਹਾਂ ਦੁਹਰਾਇਆ ਕਿ ਪੰਜਾਬ ਅਤੇ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਹੱਥਾਂ ਵਿੱਚ ਸੁਰੱਖਿਅਤ ਹੈ, ਅਤੇ ਸੱਚ ਦੀ ਲੜਾਈ ਵਿੱਚ ਹਮੇਸ਼ਾ ਲੋਕਾਂ ਦੀ ਹੀ ਜਿੱਤ ਹੁੰਦੀ ਹੈ।




