Uncategorized

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਹਾਈ ਸਕੂਲ ਹਕੀਮਾ ਗੇਟ ਵਿਖੇ ਔਸ਼ਧੀ ਤੇ ਵਾਤਾਵਰਣ ਪੱਖੀ ਬੂਟੇ ਲਗਾਏ

ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਸਮੇਂ ਦੀ ਮੁੱਖ ਲੋੜ - ਪ੍ਰੋ. ਮੁਕੇਸ਼ ਅਗਰਵਾਲ

ਅੰਮ੍ਰਿਤਸਰ 22 ਅਗਸਤ ( ਸੂਤਰ )


ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਸੱਦੇ ’ਤੇ ਹਰਿਆਵਲ ਸੇਵਾ ਪਰਿਵਾਰ ਵੱਲੋਂ ਸਰਕਾਰੀ ਹਾਈ ਸਕੂਲ ਹਕੀਮਾ ਗੇਟ ਵਿਖੇ ਵਿਸ਼ੇਸ਼ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਵਾਤਾਵਰਣ ਨੂੰ ਸ਼ੁੱਧ ਕਰਨ ਅਤੇ ਮਨੁੱਖੀ ਸਿਹਤ ਲਈ ਲਾਹੇਵੰਦ ਵੱਖ-ਵੱਖ ਔਸ਼ਧੀ ਅਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਨੀਮ, ਸਿਲਵਰ ਓਕ, ਗੁੜਹਲ, ਆਂਵਲਾ, ਅਰਜੁਨ, ਸੁਹੰਜਣਾ, ਏਸ਼ੀਆ ਗਲੋਕਾ, ਗੁਲਮੋਹਰ, ਕਚਨਾਰ, ਸੁਖਚੈਨ, ਪਿਲਕਣ, ਸਰੀ, ਚਾਂਦਨੀ, ਮਹਿੰਦੀ, ਅੰਬ, ਇਮਲੀ, ਤੂਤ ਆਦਿ ਦੇ ਬੂਟੇ ਵਿਸ਼ੇਸ਼ ਤੌਰ ’ਤੇ ਲਗਾਏ ਗਏ।

ਹਰਿਆਵਲ ਸੇਵਾ ਪਰਿਵਾਰ ਦੇ ਚੇਅਰਮੈਨ ਪ੍ਰੋ. ਮੁਕੇਸ਼ ਅਗਰਵਾਲ ਨੇ ਕਿਹਾ ਕਿ ਅੱਜ ਹਵਾ ਪ੍ਰਦੂਸ਼ਣ ਜਿਸ ਪੱਧਰ ’ਤੇ ਪਹੁੰਚ ਚੁੱਕਾ ਹੈ, ਉਸ ਨੂੰ ਘਟਾਉਣ ਲਈ ਸਾਨੂੰ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣਾ ਸਿਰਫ਼ ਸਰਕਾਰ ਜਾਂ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਇਹ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਵੱਡੀ ਗਿਣਤੀ ਵਿੱਚ ਰੁੱਖ ਅਤੇ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰੀਏ ਤਾਂ ਹਵਾ ਪ੍ਰਦੂਸ਼ਣ ਨੂੰ ਘਟਾਉਣ ਦੇ ਨਾਲ-ਨਾਲ ਵਾਤਾਵਰਣ ਨੂੰ ਸੰਤੁਲਿਤ ਰੱਖਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕਦਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ, ਸਕੂਲਾਂ, ਸੰਸਥਾਵਾਂ ਅਤੇ ਜਨਤਕ ਥਾਵਾਂ ਦੇ ਆਲੇ-ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ। ਪ੍ਰੋ. ਅਗਰਵਾਲ ਨੇ ਕਿਹਾ ਕਿ ਸਿਹਤਮੰਦ ਵਾਤਾਵਰਣ ਹੀ ਤੰਦਰੁਸਤ ਜੀਵਨ ਦੀ ਬੁਨਿਆਦ ਹੈ। ਇਸ ਲਈ ਆਓ, ਸਾਰੇ ਮਿਲ ਕੇ ਵਾਤਾਵਰਣ ਦੀ ਸੰਭਾਲ ਦਾ ਸੰਕਲਪ ਲਈਏ ਅਤੇ ਪੰਜਾਬ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਆਪਣਾ ਯੋਗਦਾਨ ਪਾਈਏ।

ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਨਵਨੀਤ ਕੌਰ, ਅਧਿਆਪਕ ਨਵਜੋਤ ਕੌਰ, ਸਤਪਿੰਦਰ ਕੌਰ, ਬਲਜੀਤ ਕੌਰ, ਨਵਨੀਤ ਕੌਰ, ਗਗਨਦੀਪ ਕੌਰ, ਅਮਨਦੀਪ ਕੌਰ, ਹੀਰਾ ਲਾਲ, ਸਰਬਜੀਤ ਬਲ, ਜਸਮਿੰਦਰ ਕੌਰ ਸਮੇਤ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ। ਇਸ ਤੋਂ ਇਲਾਵਾ ਹਰਿਆਵਲ ਸੇਵਾ ਪਰਿਵਾਰ ਦੇ ਕਾਰਕੁਨ ਸੁਖਦੇਵ ਸਿੰਘ, ਜਗਤਾਰ ਸਿੰਘ, ਅਸ਼ਵਨੀ ਅਗਰਵਾਲ, ਮੁਕੇਸ਼ ਅਗਰਵਾਲ ਆਦਿ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

Related Articles

Leave a Reply

Your email address will not be published. Required fields are marked *

Back to top button
error: Content is protected !!