ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲਾਂ/ਨਗਰ ਪੰਚਾਇਤ ਦੇ ਵਿਕਾਸ ਕਾਰਜਾਂ ਦੀ ਵਿਸਤ੍ਰਿਤ ਸਮੀਖਿਆ
ਸੁੱਕਾ ਅਤੇ ਗਿੱਲਾ ਕੂੜਾ ਵੱਖ-ਵੱਖ ਇਕੱਤਰ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ-ਡਿਪਟੀ ਕਮਿਸ਼ਨਰ

ਮਾਲੇਰਕੋਟਲਾ 1 ਜਨਵਰੀ ( ਵਾਸ਼ਿਸ਼ਟ ) ਨਵੇਂ ਸਾਲ ਦੀ ਸ਼ੁਰੂਆਤ ਮੌਕੇ ਜ਼ਿਲ੍ਹਾ ਮਾਲੇਰਕੋਟਲਾ ਨੂੰ ਸਾਫ਼, ਸੁਥਰਾ, ਸੁਚੱਜਾ ਅਤੇ ਵਿਕਾਸਸ਼ੀਲ ਬਣਾਉਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਜ਼ਿਲ੍ਹੇ ਦੀਆਂ ਸਮੂਹ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਵਿਸਤ੍ਰਿਤ ਸਮੀਖਿਆ ਲਈ ਵਧੀਕ ਡਿਪਟੀ ਕਮਿਸ਼ਨਰ(ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਸਮੇਤ ਸੰਬੰਧਤ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ।

ਇਸ ਮੌਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ, ਠੋਸ ਅਤੇ ਤਰਲ ਕੂੜਾ ਪ੍ਰਬੰਧਨ, ਸੀਵਰੇਜ ਅਤੇ ਵਾਟਰ ਟ੍ਰੀਟਮੈਂਟ ਪਲਾਂਟਾਂ ਦੇ ਕੰਮਾਂ ਦੀ ਤਰੱਕੀ, ਸਵਾਮਿਤਵ ਯੋਜਨਾ, ਪ੍ਰਾਪਰਟੀ ਟੈਕਸ, 15ਵੇਂ ਵਿੱਤ ਕਮਿਸ਼ਨ ਅਧੀਨ ਬਕਾਇਆ ਗਰਾਂਟ ਦੀ ਵਰਤੋਂ, ਅਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਅਵਾਰਾ ਪਸ਼ੂਆਂ ਦੀ ਸੰਭਾਲ ਸਬੰਧੀ ਕਾਰਜਾਂ ਦਾ ਜਾਇਜ਼ਾ ਲਿਆ ਗਿਆ।

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਪਸ਼ਟ ਹਦਾਇਤਾਂ ਦਿੰਦਿਆਂ ਕਿਹਾ ਕਿ ਸ਼ਹਿਰਾਂ ਵਿੱਚ ਸਟਰੀਟ ਲਾਈਟਾਂ ਦੀ ਕਾਰਗੁਜ਼ਾਰੀ, ਘਰ-ਘਰ ਤੋਂ ਕੂੜਾ ਇਕੱਤਰ ਕਰਨ ਦੀ ਪ੍ਰਣਾਲੀ ਅਤੇ ਕੂੜੇ ਦੇ ਨਿਪਟਾਰੇ ਦੀ ਵਿਗਿਆਨਕ ਵਿਧੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ।

ਉਨ੍ਹਾਂ ਅਹਿਮਦਗੜ੍ਹ ਅਤੇ ਮਾਲੇਰਕੋਟਲਾ ਵਿਖੇ ਸਥਾਪਿਤ ਸੀਵਰੇਜ ਅਤੇ ਵਾਟਰ ਟ੍ਰੀਟਮੈਂਟ ਪਲਾਂਟਾਂ ਦੇ ਸਬੰਧੀ ਵੀ ਜਾਣਕਾਰੀ ਇੱਕਤਰ ਕੀਤੀ । ਉਨ੍ਹਾਂ ਹਦਾਇਤ ਕੀਤੀ ਕਿ ਸੀਵਰੇਜ ਅਤੇ ਵਾਟਰ ਟ੍ਰੀਟਮੈਂਟ ਪਲਾਂਟਾਂ ਦੀ ਵਰਕਿੰਗ ਪ੍ਰਣਾਲੀ ਹਦਾਇਤਾਂ ਅਨੁਸਾਰ ਯਕੀਨੀ ਬਣਾਈ ਜਾਵੇ ।

ਉਨ੍ਹਾਂ ਨੇ ਨਵੇਂ ਸਾਲ ਦੇ ਸੰਕਲਪ ਤਹਿਤ ਕਿਹਾ ਕਿ ਜ਼ਿਲ੍ਹੇ ਦੇ ਹਰੇਕ ਨਾਗਰਿਕ ਨੂੰ ਆਪਣੇ ਆਲੇ-ਦੁਆਲੇ ਦੀ ਸਾਫ਼–ਸਫ਼ਾਈ ਲਈ ਸੁਚੇਤ ਹੋਣਾ ਚਾਹੀਦਾ ਹੈ। ਘਰੇਲੂ ਪੱਧਰ ’ਤੇ ਸੁੱਕਾ ਅਤੇ ਗਿੱਲਾ ਕੂੜਾ ਵੱਖ-ਵੱਖ ਇਕੱਤਰ ਕਰਨਾ, ਕੂੜਾ ਸੜਕਾਂ ਜਾਂ ਖੁੱਲ੍ਹੀਆਂ ਥਾਵਾਂ ’ਤੇ ਨਾ ਸੁੱਟਣਾ ਅਤੇ ਪਾਬੰਦੀਯੋਗ ਪਲਾਸਟਿਕ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

ਡਿਪਟੀ ਕਮਿਸ਼ਨਰ ਨੇ ਧੁੰਦਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸੜਕਾਂ ਅਤੇ ਫੁਟਪਾਥਾਂ ’ਤੇ ਖੜ੍ਹੀਆਂ ਰੇਹੜੀਆਂ ਅਤੇ ਫੜੀਆਂ ਨੂੰ ਨਿਯਮਾਂ ਅਨੁਸਾਰ ਵਿਵਸਥਿਤ ਕਰਨ ਦੇ ਹੁਕਮ ਦਿੱਤੇ ਤਾਂ ਜੋ ਟ੍ਰੈਫਿਕ ਵਿੱਚ ਰੁਕਾਵਟ ਅਤੇ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ, ਸ਼ਹਿਰੀ ਯੋਜਨਾਬੰਦੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਅਤੇ ਲੰਬਿਤ ਫਾਈਲਾਂ ਦੇ ਨਿਪਟਾਰੇ ਲਈ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ “ਸਾਡਾ ਮਕਸਦ ਨਵੇਂ ਸਾਲ ਵਿੱਚ ਸ਼ਹਿਰਾਂ ਦੇ ਵਿਕਾਸ ਲਈ ਇੱਕ ਹੋਰ ਕੁਸ਼ਲ, ਸਾਫ਼ ਅਤੇ ਪ੍ਰਗਤੀਸ਼ੀਲ ਵਾਤਾਵਰਣ ਸਿਰਜਣਾ ਹੈ ਅਤੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਕਾਸ ਕਾਰਜਾਂ ਨੂੰ ਪਾਰਦਰਸ਼ੀ ਅਤੇ ਸਮੇਂ-ਸਿਰ ਪੂਰਾ ਕਰਕੇ ਮਾਲੇਰਕੋਟਲਾ ਨੂੰ ਇੱਕ ਆਦਰਸ਼ ਸ਼ਹਿਰ ਬਣਾਇਆ ਜਾਵੇਗਾ।”

ਇਸ ਮੌਕੇ ਕਾਰਜ ਸਾਧਕ ਅਫਸਰ ਮਾਲੇਰਕੋਟਲਾ,ਅਹਿਮਦਗੜ੍ਹ ਅਤੇ ਅਮਰਗੜ੍ਹ ਚੰਦਰ ਪ੍ਰਕਾਸ਼ ਵਧਵਾ, ਕਾਰਜ ਸਾਧਕ ਅਫ਼ਸਰ ਇੰਪਰੂਵਮੈਂਟ ਟਰੱਸਟ ਨੀਰੂ ਬਾਲਾ, ਸਹਾਇਕ ਮਿਊਂਸਪਲ ਇੰਜਨੀਅਰ ਇੰਜ.ਨਰਿੰਦਰ ਕੁਮਾਰ, ਐਸ.ਸੀ.ਓ ਵਿਕਰਮ ਸਿੰਘ ਤੋਂ ਇਲਾਵਾ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।#pmo #cmpunjab #Loksampark #highlight #MLA #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #dgppunjab #newsvartacurrentnews #currentnews #latestnewsupdate #aamjanta #dcmalerkotla




