Uncategorized

ਖੇਡ-ਖੇਡ ਵਿੱਚ ਬੱਚਿਆਂ ਦੀ ਸੋਚ ਨੂੰ ਮਿਲ ਰਹੀ ਨਵੀਂ ਦਿਸ਼ਾ: ਆਂਗਣਵਾੜੀ ਕੇਂਦਰਾਂ ’ਚ ਰਚਨਾਤਮਕ ਗਤੀਵਿਧੀਆਂ

ਰੰਗਾਂ ਦੀ ਪਛਾਣ ਤੋਂ ਲੈ ਕੇ ਵਸਤੂਆਂ ਦੀ ਛਾਂਟੀ ਤੱਕ—ਬੱਚਿਆਂ ਵਿੱਚ ਤਰਕਸ਼ੀਲ ਸੋਚ ਤੇ ਸਮੱਸਿਆ ਹੱਲ ਕਰਨ ਦੀ ਯੋਗਤਾ ’ਤੇ ਜ਼ੋਰ

ਮਾਲੇਰਕੋਟਲਾ, 14 ਸਤੰਬਰ ( ਸੂਤਰ )


ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਆਂਗਣਵਾੜੀ ਕੇਂਦਰਾਂ ਵਿੱਚ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ (ECCE) ਦਿਵਸ ਤਹਿਤ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ।

ਇਸ ਦੌਰਾਨ ਬੱਚਿਆਂ ਨੂੰ ਖੇਡ-ਖੇਡ ਵਿੱਚ ਸਿੱਖਣ ਦੇ ਮੌਕੇ ਦਿੰਦਿਆਂ ਰੰਗਾਂ ਦੀ ਪਛਾਣ, ਵਸਤੂਆਂ ਦੀ ਛਾਂਟੀ ਅਤੇ ਵਰਗੀਕਰਨ, ਧਿਆਨ ਕੇਂਦਰਿਤ ਕਰਨ, ਤਰਕਸ਼ੀਲ ਸੋਚ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਵਿਕਸਿਤ ਕਰਨ ਵਾਲੀਆਂ ਗਤੀਵਿਧੀਆਂ ਕਰਵਾਈਆਂ ਗਈਆਂ।

ਬੱਚਿਆਂ ਨੂੰ ਵੱਖ-ਵੱਖ ਰੰਗਾਂ ਦੇ ਢੱਕਣ ਦਿਖਾ ਕੇ ਰੰਗਾਂ ਦੀ ਪਛਾਣ ਕਰਵਾਈ ਗਈ ਅਤੇ ਪੀਲੇ, ਨੀਲੇ ਤੇ ਲਾਲ ਰੰਗ ਨਾਲ ਸਬੰਧਤ ਆਲੇ-ਦੁਆਲੇ ਦੀਆਂ ਵਸਤੂਆਂ ਬਾਰੇ ਸਵਾਲ ਪੁੱਛੇ ਗਏ। ਬੱਚਿਆਂ ਨੇ ਕੇਲੇ, ਕੱਪੜਿਆਂ ਅਤੇ ਹੋਰ ਵਸਤੂਆਂ ਨੂੰ ਸਬੰਧਤ ਰੰਗਾਂ ਨਾਲ ਜੋੜਦਿਆਂ ਉਤਸ਼ਾਹ ਨਾਲ ਗਤੀਵਿਧੀ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਇੱਕੋ ਰੰਗ ਦੇ ਢੱਕਣਾਂ ਨੂੰ ਵੱਖ-ਵੱਖ ਸਮੂਹਾਂ ਵਿੱਚ ਛਾਂਟਣ ਦੀ ਗਤੀਵਿਧੀ ਕਰਵਾਈ ਗਈ।

ਆਂਗਣਵਾੜੀ ਵਰਕਰਾਂ ਨੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਬਿਨਾਂ ਕਿਸੇ ਦਬਾਅ ਦੇ ਖੇਡ ਅਤੇ ਤਜਰਬੇ ਰਾਹੀਂ ਸਿੱਖਣ ਦਾ ਮੌਕਾ ਦਿੰਦੀਆਂ ਹਨ। ਇਨ੍ਹਾਂ ਰਾਹੀਂ ਬੱਚਿਆਂ ਵਿੱਚ ਪਛਾਣ, ਤੁਲਨਾ, ਵਰਗੀਕਰਨ, ਧਿਆਨ, ਤਰਕ ਅਤੇ ਸਮੱਸਿਆ ਹੱਲ ਕਰਨ ਵਰਗੀਆਂ ਮੁੱਢਲੀਆਂ ਕਾਬਲੀਅਤਾਂ ਦਾ ਵਿਕਾਸ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸ਼ੁਰੂਆਤੀ ਸਾਲ ਉਨ੍ਹਾਂ ਦੇ ਭਵਿੱਖੀ ਵਿਕਾਸ ਦੀ ਮਜ਼ਬੂਤ ਨੀਂਹ ਰੱਖਦੇ ਹਨ। ਇਸ ਲਈ ਆਂਗਣਵਾੜੀ ਕੇਂਦਰਾਂ ਵਿੱਚ ਉਮਰ ਅਨੁਸਾਰ ਗਤੀਵਿਧੀ-ਅਧਾਰਿਤ ਅਤੇ ਬਾਲ-ਕੇਂਦਰਿਤ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਤਾਂ ਜੋ ਹਰ ਬੱਚੇ ਨੂੰ ਸਿੱਖਣ, ਸੋਚਣ ਅਤੇ ਆਪਣੀ ਸਮਰੱਥਾ ਪ੍ਰਗਟ ਕਰਨ ਲਈ ਅਨੁਕੂਲ ਮਾਹੌਲ ਮਿਲ ਸਕੇ।

Related Articles

Leave a Reply

Your email address will not be published. Required fields are marked *

Back to top button
error: Content is protected !!