ਖੇਡ ਮੈਦਾਨਾਂ ’ਚ ਲਿਖੀ ਜਾ ਰਹੀ ਪੰਜਾਬ ਦੀ ਜਵਾਨੀ ਦੀ ਨਵੀਂ ਪਛਾਣ: ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ
ਪੰਜਾਬ ਸਰਕਾਰ ਦਾ ਖੇਡ ਮਾਡਲ ਨੌਜਵਾਨਾਂ ਦੇ ਸੁਪਨਿਆਂ ਨੂੰ ਦੇ ਰਿਹਾ ਮੰਜ਼ਿਲ ਤੱਕ ਪਹੁੰਚਣ ਦਾ ਮੌਕਾ: ਵਿਧਾਇਕ ਗੱਜਣਮਾਜਰਾ

ਅਹਿਮਦਗੜ੍ਹ 14 ਸਤੰਬਰ ( ਸੂਤਰ )

ਖੇਡ ਮੈਦਾਨਾਂ ਵਿੱਚ ਉਤਰੇ ਨੌਜਵਾਨਾਂ ਦੇ ਜੋਸ਼ ਅਤੇ ਜਿੱਤ ਦੇ ਜਜ਼ਬੇ ਦਰਮਿਆਨ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਅਹਿਮਦਗੜ੍ਹ ਬਲਾਕ ਦੀਆਂ ਖੇਡਾਂ ਦਾ ਸ਼ਾਨਦਾਰ ਆਗਾਜ਼ ਹੋਇਆ। ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਗੁਬਾਰੇ ਛੱਡ ਕੇ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਅਤੇ ਖਿਡਾਰੀਆਂ ਨਾਲ ਰੂਬਰੂ ਹੋ ਕੇ ਉਨ੍ਹਾਂ ਦਾ ਹੌਸਲਾ ਵਧਾਇਆ।


ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਦਿੱਤੀ ਜਾ ਰਹੀ ਮੁੱਖ ਤਰਜੀਹ ਨੇ ਪਿੰਡਾਂ ਅਤੇ ਸ਼ਹਿਰਾਂ ਦੀ ਖੇਡ ਪ੍ਰਤਿਭਾ ਲਈ ਆਪਣਾ ਹੁਨਰ ਵਿਖਾਉਣ ਦਾ ਵਿਸ਼ਾਲ ਮੰਚ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਦੇ ਕਦਮ ਖੇਡ ਮੈਦਾਨ ਵੱਲ ਵਧਦੇ ਹਨ ਤਾਂ ਉਨ੍ਹਾਂ ਦੀ ਊਰਜਾ ਨੂੰ ਮੰਜ਼ਿਲ, ਮਿਹਨਤ ਨੂੰ ਮਕਸਦ ਅਤੇ ਜੀਵਨ ਨੂੰ ਅਨੁਸ਼ਾਸਨ ਮਿਲਦਾ ਹੈ। ਇਹੀ ਕਾਰਨ ਹੈ ਕਿ ਖੇਡਾਂ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਇੱਕ ਮਜ਼ਬੂਤ ਸਮਾਜਿਕ ਢਾਲ ਵੀ ਬਣਦੀਆਂ ਹਨ।


ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਜਿੱਤ-ਹਾਰ ਦੀ ਸੋਚ ਤੋਂ ਉੱਪਰ ਉੱਠ ਕੇ ਵੱਧ ਤੋਂ ਵੱਧ ਖੇਡਾਂ ਦਾ ਹਿੱਸਾ ਬਣਨ ਅਤੇ ਤੰਦਰੁਸਤ, ਨਸ਼ਾ-ਮੁਕਤ ਤੇ ਖੇਡਦਾ ਪੰਜਾਬ ਸਿਰਜਣ ਵਿੱਚ ਆਪਣੀ ਭੂਮਿਕਾ ਨਿਭਾਉਣ। ਖੇਡ ਨਤੀਜਿਆਂ ਵਿੱਚ ਐਥਲੈਟਿਕਸ ਅੰਡਰ-17 ਦੀ 100 ਮੀਟਰ ਦੌੜ ਵਿੱਚ ਅਬਰਾਨ ਖਾਨ ਨੇ ਪਹਿਲਾ ਸਥਾਨ ਹਾਸਲ ਕੀਤਾ। ਟੈਨਿਸ ਬਾਲ ਕ੍ਰਿਕਟ ਮੁਕਾਬਲਿਆਂ ਵਿੱਚ ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਬਲਾਕਾਂ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ। ਪਹਿਲੇ ਮੈਚ ਵਿੱਚ ਸਾਹਿਬਜ਼ਾਦਾ ਫਤਿਹ ਸਿੰਘ ਪਬਲਿਕ ਸਕੂਲ, ਮਾਲੇਰਕੋਟਲਾ ਨੇ ਕੈਮਬਰਿਜ਼ ਸਕੂਲ ਹਥਨ ਨੂੰ ਹਰਾਇਆ, ਜਦਕਿ ਦੂਜੇ ਮੈਚ ਵਿੱਚ ਪੋਨੀਅਰ ਕ੍ਰਿਕਟ ਅਕੈਡਮੀ, ਮਾਲੇਰਕੋਟਲਾ ਨੇ ਵਾਰਡ ਨੰਬਰ 3 ਮਾਲੇਰਕੋਟਲਾ ਦੀ ਟੀਮ ਨੂੰ 7 ਦੌੜਾਂ ਨਾਲ ਮਾਤ ਦਿੱਤੀ। ਖੋ-ਖੋ ਅੰਡਰ-17 ਲੜਕਿਆਂ ਵਿੱਚ ਡੀ.ਏ.ਵੀ. ਸਕੂਲ ਅਹਿਮਦਗੜ੍ਹ ਨੇ ਕਪਿਲ ਮਾਡਲ ਸਕੂਲ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।

ਇਸ ਮੌਕੇ ਬਲਾਕ ਸੰਮਤੀ ਦੇ ਚੇਅਰਮੈਨ ਮੋਹਨਜੀਤ ਸਿੰਘ, ਸਰਪੰਚ ਬਲਦੇਵ ਸਿੰਘ ਦੁਲਮ੍ਹਾ, ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ, ਸੀਨੀਅਰ ਫੁੱਟਬਾਲ ਕੋਚ ਹਰਪ੍ਰੀਤ ਸਿੰਘ, ਬਲਾਕ ਇੰਚਾਰਜ ਹਰਪ੍ਰੀਤ ਸਿੰਘ, ਦਾ ਟਾਊਨ ਸਕੂਲ ਦੇ ਪ੍ਰਿੰਸੀਪਲ ਮਜਾਹਿਦ ਅਤੇ ਸਪੋਰਟਸ ਕੋਆਰਡੀਨੇਟਰ ਮੁਹੰਮਦ ਰਫ਼ੀਕ ਸਮੇਤ ਹੋਰ ਪਤਵੰਤੇ ਹਾਜ਼ਰ ਸਨ।


