ਦੂਸਰੇ ਪੜਾਅ ਤਹਿਤ ਵਿਧਾਇਕ ਸਹਿਬਾਨਾਂ ਨੇ ਸਫਾਈ ਮੁਹਿੰਮ ਦੀ ਕੀਤੀ ਅਗਵਾਈ
ਵਿਧਾਇਕ ਸਿੱਧੂ ਨੇ ਵਾਰਡ 45 ’ਚ; ਵਿਧਾਇਕ ਮਾਣੂੰਕੇ ਨੇ ਜਗਰਾਉਂ ਦੇ ਬੱਸ ਅੱਡਾ ਚੌਂਕ ਤੋਂ ਸੂਆ ਪੁਲ਼ੀ ਤੱਕ ਚਲਾਇਆ ਸਫਾਈ ਅਭਿਆਨ

ਲੁਧਿਆਣਾ, 13 ਸਤੰਬਰ ( ਸੂਤਰ )

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸ਼ਹਿਰਾਂ ਅਤੇ ਕਸਬਿਆਂ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਸਿਹਤਮੰਦ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਦੇ ਦੂਸਰੇ ਪੜਾਅ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ ਹੈ। ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਵਾਰਡ ਨੰਬਰ 45 ਵਿਖੇ ਸਪੈਸ਼ਲ ਸਫਾਈ ਅਭਿਆਨ ਚਲਾਇਆ ਗਿਆ। ਸਾਰੇ ਅਭਿਆਨ ਵਿੱਚ ਵਾਰਡ ਕੋਂਸਲਰ, ਸੀ ਐਸ ਓ, ਸੀ ਐਸ ਆਈ ,ਐਸ ਆਈ, ਬੀ ਐਂਡ ਆਰ ਟੀਮ, ਓ ਐਂਡ ਐਮ ਟੀਮ, ਸੀ ਐਫ ਅਤੇ ਹੈਲਥ ਟੀਮ ਮੌਜੂਦ ਰਹੀ। ਇਸ ਦੇ ਨਾਲ ਹੀ ਉੱਥੇ ਮੌਜੂਦ ਲੋਕਾਂ ਨੂੰ ਸੋਲਿਡ ਵੇਸਟ ਮੈਨੇਜਮੈਂਟ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਕਿਹਾ ਗਿਆ।


ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਵੱਲੋਂ ਜਗਰਾਉਂ ਦੇ ਬੱਸ ਅੱਡਾ ਚੌਂਕ ਤੋਂ ਸੂਆ ਪੁੱਲੀ, ਲੁਧਿਆਣਾ ਜੀ ਟੀ ਰੋਡ ਤੱਕ, ਮੁੱਖ ਹਾਈਵੇ ਪੁੱਲ ਦੇ ਸੱਜੇ-ਖੱਬੇ ਦੋਨੋਂ ਪਾਸੇ ਸਫਾਈ ਅਭਿਆਨ ਦੀ ਅਗਵਾਈ ਕੀਤੀ। ਵਿਧਾਇਕ ਸਹਿਬਾਨਾਂ ਨੇ ਸਾਂਝੇ ਤੌਰ ’ਤੇ ਲੋਕਾਂ ਨੂੰ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ, ਕੂੜਾ ਅਲੱਗ-ਅਲੱਗ ਕਰਕੇ ਸਫ਼ਾਈ ਸੇਵਕਾਂ ਨੂੰ ਦੇਣ ਅਤੇ ਮਾਨ ਸਰਕਾਰ ਦੀ ਇਸ ਵਿਸ਼ੇਸ਼ ਸਫ਼ਾਈ ਮੁਹਿੰਮ ਵਿੱਚ ਯੋਗਦਾਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਸਾਡਾ ਆਲਾ-ਦੁਆਲਾ ਸਾਫ਼-ਸੁਥਰਾ ਤੇ ਸੁੰਦਰ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ‘ਮਿਸ਼ਨ ਕਲੀਨ ਪੰਜਾਬ’ ਸੂਬਾ ਸਰਕਾਰ ਦੀ ਇੱਕ ਮਹੱਤਵਪੂਰਨ ਮੁਹਿੰਮ ਹੈ, ਜਿਸ ਦਾ ਉਦੇਸ਼ ਸੂਬੇ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਫ਼ਾਈ ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ ਅਤੇ ਲੋਕਾਂ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਵਾਤਾਵਰਣ ਹਰੇਕ ਨਾਗਰਿਕ ਦਾ ਅਧਿਕਾਰ ਵੀ ਹੈ ਅਤੇ ਜ਼ਿੰਮੇਵਾਰੀ ਵੀ।
ਉਨ੍ਹਾਂ ਇਹ ਵੀ ਕਿਹਾ ਕਿ ਸਫ਼ਾਈ ਕਿਸੇ ਇੱਕ ਦਿਨ ਜਾਂ ਮੁਹਿੰਮ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਇਸ ਨੂੰ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਗਲੀਆਂ, ਨਾਲੀਆਂ, ਸੜਕਾਂ ਅਤੇ ਜਨਤਕ ਥਾਵਾਂ ਦੀ ਸਫ਼ਾਈ ਨੂੰ ਪਹਿਲ ਦੇ ਆਧਾਰ ’ਤੇ ਯਕੀਨੀ ਬਣਾਉਣਾ ਜ਼ਰੂਰੀ ਹੈ।

ਉਹਨਾਂ ਕਿਹਾ ਕਿ ਪ੍ਰਤੀ ਜਾਗਰੂਕਤਾ ਅਤੇ ਸਹੀ ਕੂੜਾ ਪ੍ਰਬੰਧਨ ਨਾਲ ਕਈ ਮੌਸਮੀ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਸਵੱਛ ਅਭਿਆਨ ਪੰਜਾਬ’ ਨੂੰ ਲੋਕ ਲਹਿਰ ਬਣਾਉਣ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਹਰੇਕ ਨਾਗਰਿਕ ਆਪਣੇ ਘਰ, ਦੁਕਾਨ, ਵਪਾਰਕ ਅਦਾਰੇ ਅਤੇ ਆਲੇ-ਦੁਆਲੇ ਦੇ ਖੇਤਰ ਨੂੰ ਸਾਫ਼ ਰੱਖਣ ਦਾ ਸੰਕਲਪ ਲਵੇ।



