Uncategorized

ਕੇਂਦਰੀ ਜੇਲ੍ਹ ਪਟਿਆਲਾ ਵਿਖੇ ਭਾਵੁਕ ਤੇ ਪਰਿਵਾਰਕ ਮਾਹੌਲ ’ਚ ਮਨਾਇਆ ਰੱਖੜੀ ਦਾ ਤਿਉਹਾਰ

ਜੇਲ੍ਹ ਵਿਭਾਗ ਵੱਲੋਂ ਸਪੈਸ਼ਲ ਮੁਲਾਕਾਤ ਰਾਹੀਂ ਭੈਣਾਂ ਨੂੰ ਦਿੱਤਾ ਗਿਆ ਪਰਿਵਾਰਕ ਮਾਹੌਲ : ਗੁਰਚਰਨ ਸਿੰਘ ਧਾਲੀਵਾਲ

ਪਟਿਆਲਾ, 28 ਅਗਸਤ ( ਸੂਤਰ )

ਕੇਂਦਰੀ ਜੇਲ੍ਹ ਪਟਿਆਲਾ ਵਿਖੇ ਅੱਜ ਰੱਖੜੀ ਦਾ ਤਿਉਹਾਰ ਭਾਵੁਕ ਅਤੇ ਪਰਿਵਾਰਕ ਮਾਹੌਲ ਵਿੱਚ ਮਨਾਇਆ ਗਿਆ। ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੇਲ੍ਹ ਵਿਭਾਗ ਵੱਲੋਂ ਬੰਦੀਆਂ ਦੀਆਂ ਭੈਣਾਂ ਅਤੇ ਪਰਿਵਾਰਕ ਮੈਂਬਰਾਂ ਲਈ ਵਿਸ਼ੇਸ਼ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ, ਜਿਸ ਦੌਰਾਨ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।


ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਅਤੇ ਵਧੀਕ ਡੀਜੀਪੀ ਜੇਲ੍ਹਾਂ ਆਰ. ਕੇ. ਜੈਸਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੱਖੜੀ ਦੇ ਤਿਉਹਾਰ ਮੌਕੇ ਇਹ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਮੁਲਾਕਾਤ ਦੌਰਾਨ ਰੱਖੜੀ ਬੰਨ੍ਹਣੀ ਸੰਭਵ ਨਾ ਹੋਣ ਕਾਰਨ ਬੰਦੀਆਂ ਅਤੇ ਉਨ੍ਹਾਂ ਦੀਆਂ ਭੈਣਾਂ ਨੂੰ ਇੱਕ-ਦੂਜੇ ਨਾਲ ਤਿਉਹਾਰ ਮਨਾਉਣ ਲਈ ਵਿਸ਼ੇਸ਼ ਮੁਲਾਕਾਤ ਦਾ ਮੌਕਾ ਦਿੱਤਾ ਗਿਆ।


ਉਨ੍ਹਾਂ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਜੇਲ੍ਹ ਪ੍ਰਸ਼ਾਸਨ ਵੱਲੋਂ ਭੈਣਾਂ ਲਈ ਰੱਖੜੀਆਂ ਅਤੇ ਮਠਿਆਈਆਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਉਪਰਾਲੇ ਦਾ ਮਕਸਦ ਬੰਦੀਆਂ ਨੂੰ ਆਪਣੇ ਪਰਿਵਾਰਾਂ ਨਾਲ ਜੋੜੀ ਰੱਖਣ ਦੇ ਨਾਲ-ਨਾਲ ਪਰਿਵਾਰਕ ਸਾਂਝ, ਸਮਾਜਿਕ ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ।

ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਕੇਂਦਰੀ ਜੇਲ੍ਹ ਵਿਖੇ ਕਰੀਬ 600 ਰੱਖੜੀਆਂ ਬੰਨ੍ਹੀਆਂ ਗਈਆਂ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਭਰਾਵਾਂ ਤੋਂ ਇਲਾਵਾ ਮਹਿਲਾ ਬੰਦੀਆਂ ਨੂੰ ਵੀ ਆਪਣੇ ਭਰਾਵਾਂ ਤੋਂ ਰੱਖੜੀ ਬੰਨ੍ਹਵਾਉਣ ਦਾ ਵਿਸ਼ੇਸ਼ ਮੌਕਾ ਪ੍ਰਦਾਨ ਕੀਤਾ ਗਿਆ। ਸਵੇਰੇ 8 ਵਜੇ ਸ਼ੁਰੂ ਹੋਈ ਇਸ ਵਿਸ਼ੇਸ਼ ਮੁਲਾਕਾਤ ਦੌਰਾਨ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਮੁਲਾਕਾਤ ਤੋਂ ਵਾਂਝਾ ਨਹੀਂ ਰੱਖਿਆ ਗਿਆ।

ਇਸ ਮੌਕੇ ਵਧੀਕ ਸੁਪਰਡੈਂਟ ਅਰਪਨਜੋਤ ਸਿੰਘ ਅਤੇ ਜੈਦੀਪ ਸਿੰਘ, ਡਿਪਟੀ ਸੁਪਰਡੈਂਟ ਆਦਰਸ਼ਪਾਲ ਸਿੰਘ ਅਤੇ ਸਹਾਇਕ ਸੁਪਰਡੈਂਟ ਗੁਰਜਿੰਦਰ ਸਿੰਘ ਸਮੇਤ ਹੋਰ ਜੇਲ੍ਹ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!