Uncategorized

ਡਿਪਟੀ ਕਮਿਸ਼ਨਰ ਵੱਲੋਂ ਬਾਗੜੀਆਂ ਪਿੰਡ ਦਾ ਦੌਰਾ, ਸਵੈ ਸਹਾਇਤਾ ਗਰੁੱਪਾਂ ਦੀਆਂ ਮਹਿਲਾਵਾਂ ਨੂੰ ਆਤਮ-ਨਿਰਭਰਤਾ ਲਈ ਉਤਸ਼ਾਹਿਤ ਕੀਤਾ

ਮਹਿਲਾਵਾਂ ਦੇ ਹੁਨਰ ਨੂੰ ਰੋਜ਼ਗਾਰ ਵਿੱਚ ਬਦਲਣ ਅਤੇ ਉਤਪਾਦਾਂ ਦੀ ਮਾਰਕੀਟਿੰਗ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ

ਮਾਲੇਰਕੋਟਲਾ, 20 ਅਗਸਤ ( ਸੂਤਰ )


ਪੇਂਡੂ ਮਹਿਲਾਵਾਂ ਨੂੰ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਬਾਗੜੀਆਂ ਪਿੰਡ ਦਾ ਦੌਰਾ ਕਰਕੇ ਸਵੈ ਸਹਾਇਤਾ ਗਰੁੱਪਾਂ ਨਾਲ ਜੁੜੀਆਂ ਮਹਿਲਾਵਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮਹਿਲਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ ਉਤਪਾਦਾਂ, ਉਨ੍ਹਾਂ ਦੀ ਵਿਕਰੀ, ਉਤਪਾਦਨ ਪ੍ਰਕਿਰਿਆ ਅਤੇ ਕਾਰੋਬਾਰ ਨੂੰ ਹੋਰ ਵਿਸਥਾਰ ਦੇਣ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਮ੍ਰਿਤਪਾਲ ਸਿੰਘ,ਵਪਾਰ ਮੰਡਲ ਦੇ ਚੇਅਰਮੈਨ ਅਸ਼ਵਨੀ ਕੁਮਾਰ ਤੋਂ ਇਲਾਵਾ ਸਬੰਧਤ ਅਧਿਕਾਰੀ ਹਾਜ਼ਰ ਸਨ।

ਮਹਿਲਾਵਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਵੈ ਸਹਾਇਤਾ ਗਰੁੱਪ ਪੇਂਡੂ ਖੇਤਰਾਂ ਦੀਆਂ ਮਹਿਲਾਵਾਂ ਨੂੰ ਆਪਣੇ ਹੁਨਰ ਨੂੰ ਆਮਦਨ ਦੇ ਸਾਧਨ ਵਿੱਚ ਬਦਲਣ ਅਤੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਮਜ਼ਬੂਤ ਮੰਚ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀ ਗੁਣਵੱਤਾ, ਪੈਕਿੰਗ ਅਤੇ ਮਾਰਕੀਟਿੰਗ ਨੂੰ ਹੋਰ ਸੁਚੱਜਾ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦਾ ਸਹਿਯੋਗ ਦਿੱਤਾ ਜਾਵੇਗਾ।

ਉਨ੍ਹਾਂ ਮਹਿਲਾਵਾਂ ਨੂੰ ਆਪਣੇ ਉਤਪਾਦਾਂ ਦੀ ਗੁਣਵੱਤਾ ਬਰਕਰਾਰ ਰੱਖਣ, ਨਵੀਆਂ ਮਾਰਕੀਟਿੰਗ ਤਕਨੀਕਾਂ ਅਪਣਾਉਣ ਅਤੇ ਉਤਪਾਦਾਂ ਦੀ ਪੈਕਿੰਗ ਨੂੰ ਆਕਰਸ਼ਕ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸਿਰਫ਼ ਵਿੱਤੀ ਸਹਾਇਤਾ ਹੀ ਨਹੀਂ, ਸਗੋਂ ਆਪਣੇ ਉਤਪਾਦਾਂ ਲਈ ਵਧੀਆ ਬਾਜ਼ਾਰ ਅਤੇ ਉਚਿਤ ਮੁੱਲ ਵੀ ਮਿਲਣਾ ਚਾਹੀਦਾ ਹੈ। ਉਨ੍ਹਾਂ ਹੋਰ ਮਹਿਲਾਵਾਂ ਨੂੰ ਵੀ ਸਵੈ ਸਹਾਇਤਾ ਗਰੁੱਪਾਂ ਨਾਲ ਜੁੜ ਕੇ ਆਪਣੇ ਹੁਨਰ ਨੂੰ ਰੋਜ਼ਗਾਰ ਦਾ ਸਾਧਨ ਬਣਾਉਣ ਦੀ ਅਪੀਲ ਕੀਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 397 ਸਵੈ ਸਹਾਇਤਾ ਗਰੁੱਪ ਕਾਰਜਸ਼ੀਲ ਹਨ, ਜਿਨ੍ਹਾਂ ਨਾਲ ਕਰੀਬ 425 ਮੈਂਬਰ ਜੁੜੇ ਹੋਏ ਹਨ। ਇਨ੍ਹਾਂ ਗਰੁੱਪਾਂ ਨੂੰ ਹੁਣ ਤੱਕ 65 ਲੱਖ 20 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ। ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸ਼ੁਰੂਆਤੀ ਪੜਾਅ ਵਿੱਚ ਹਰੇਕ ਗਰੁੱਪ ਨੂੰ 30 ਹਜ਼ਾਰ ਰੁਪਏ ਰਿਵਾਲਵਿੰਗ ਫੰਡ ਵੀ ਮੁਹੱਈਆ ਕਰਵਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਮਹਿਲਾਵਾਂ ਵੱਲੋਂ ਆਵਲੇ ਦਾ ਅਚਾਰ, ਗਾਜਰ ਦਾ ਅਚਾਰ, ਹਲਦੀ ਦਾ ਅਚਾਰ, ਹਰੀ ਮਿਰਚਾਂ ਦਾ ਅਚਾਰ, ਆਵਲਾ ਪਾਊਡਰ, ਆਵਲਾ ਕੈਂਡੀ ਅਤੇ ਹੋਰ ਘਰੇਲੂ ਤੇ ਪੌਸ਼ਟਿਕ ਉਤਪਾਦ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਉਤਪਾਦਾਂ ਦੀ ਸਥਾਨਕ ਪੱਧਰ ’ਤੇ ਵਿਕਰੀ ਦੇ ਨਾਲ-ਨਾਲ ਮੇਲਿਆਂ ਅਤੇ ਪ੍ਰਦਰਸ਼ਨੀਆਂ ਵਿੱਚ ਵੀ ਚੰਗੀ ਮੰਗ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਹਿਲਾਵਾਂ ਦੀ ਆਰਥਿਕ ਮਜ਼ਬੂਤੀ ਨਾਲ ਪਰਿਵਾਰਾਂ ਅਤੇ ਪੇਂਡੂ ਅਰਥਵਿਵਸਥਾ ਨੂੰ ਵੀ ਮਜ਼ਬੂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੇਂਡੂ ਮਹਿਲਾਵਾਂ ਨੂੰ ਸਵੈ-ਨਿਰਭਰ ਬਣਾਉਣ ਲਈ ਸਿਖਲਾਈ, ਵਿੱਤੀ ਸਹਾਇਤਾ ਅਤੇ ਮਾਰਕੀਟਿੰਗ ਦੇ ਮੌਕਿਆਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਮਹਿਲਾਵਾਂ ਨੂੰ ਹਿੰਮਤ ਨਾਲ ਅੱਗੇ ਵਧਣ ਅਤੇ ਆਪਣੇ ਹੁਨਰ ’ਤੇ ਵਿਸ਼ਵਾਸ ਰੱਖਣ ਲਈ ਪ੍ਰੇਰਿਤ ਕੀਤਾ।

Related Articles

Leave a Reply

Your email address will not be published. Required fields are marked *

Back to top button
error: Content is protected !!