ਅਜ਼ਾਦੀ ਦਿਵਸ ਦੇ ਮੱਦੇਨਜ਼ਰ ਮਾਲੇਰਕੋਟਲਾ ਪੁਲਿਸ ਵੱਲੋਂ ਫਲੈਗ ਮਾਰਚ

ਮਾਲੇਰਕੋਟਲਾ 13 अगस्त ( ਸੂਤਰ )

ਅਜ਼ਾਦੀ ਦਿਵਸ ਦੇ ਮੱਦੇਨਜ਼ਰ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਡੀ.ਆਈ.ਜੀ. ਕਮਾਂਡੋ ਪੰਜਾਬ ਸ. ਗੁਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ. ਗੁਰਮੀਤ ਸਿੰਘ ਵੱਲੋਂ ਭਾਰੀ ਪੁਲਿਸ ਫੋਰਸ ਸਮੇਤ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ।



ਫਲੈਗ ਮਾਰਚ ਦੌਰਾਨ ਸ਼ਹਿਰ ਦੇ ਵੱਖ-ਵੱਖ ਮਹੱਤਵਪੂਰਨ ਸਥਾਨਾਂ ਅਤੇ ਬਾਜ਼ਾਰਾਂ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਹ ਫਲੈਗ ਮਾਰਚ ਬੱਸ ਸਟੈਂਡ ਰੋਡ ਤੋਂ ਹੁੰਦਾ ਹੋਇਆ ਦਿੱਲੀ ਗੇਟ, ਪਿੱਪਲੀ ਚੌਂਕ, ਸਰਹੰਦੀ ਗੇਟ, ਜਰਗ ਚੌਂਕ, ਗਰੇਵਾਲ ਚੌਂਕ, ਕਾਲਜ ਚੌਂਕ ਅਤੇ ਟਰੱਕ ਯੂਨੀਅਨ ਤੋਂ ਹੁੰਦਾ ਹੋਇਆ ਜ਼ਿਲ੍ਹਾ ਪੁਲਿਸ ਦਫ਼ਤਰ, ਮਾਲੇਰਕੋਟਲਾ ਵਿਖੇ ਸਮਾਪਤ ਹੋਇਆ। ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਜ਼ਾਦੀ ਦਿਵਸ ਸਮਾਗਮਾਂ ਨੂੰ ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੂਰੀ ਚੌਕਸੀ ਰੱਖੀ ਜਾ ਰਹੀ ਹੈ।

ਇਸਦੇ ਨਾਲ ਹੀ ਸਬ-ਡਵੀਜ਼ਨ ਅਮਰਗੜ੍ਹ ਅਤੇ ਅਹਿਮਦਗੜ੍ਹ ਵਿੱਚ ਵੀ ਸਰਕਲ ਅਫ਼ਸਰਾਂ ਅਤੇ ਮੁੱਖ ਅਫ਼ਸਰਾਂ ਦੀ ਅਗਵਾਈ ਹੇਠ ਤਾਇਨਾਤ ਪੁਲਿਸ ਫੋਰਸ ਵੱਲੋਂ ਪੈਦਲ ਫਲੈਗ ਮਾਰਚ ਕੀਤੇ ਜਾ ਰਹੇ ਹਨ। ਭੀੜ-ਭੜੱਕੇ ਵਾਲੀਆਂ ਥਾਵਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਵੀ ਲਗਾਤਾਰ ਜਾਰੀ ਹੈ। ਜ਼ਿਲ੍ਹਾ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਸਬੰਧੀ ਜਾਣਕਾਰੀ ਤੁਰੰਤ ਪੁਲਿਸ ਹੈਲਪਲਾਈਨ ਨੰਬਰ 112 ’ਤੇ ਸਾਂਝੀ ਕਰਨ।
ਇਸ ਮੌਕੇ ਐੱਸ.ਪੀ. ਹੈੱਡਕੁਆਟਰ ਅਤੇ ਸਮੂਹ ਡੀ.ਐੱਸ.ਪੀਜ਼ ਹਾਜ਼ਰ ਸਨ। ਮਾਲੇਰਕੋਟਲਾ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।




