ਸੁਤੰਤਰਤਾ ਦਿਵਸ ਸਮਾਗਮ ਲਈ ਪ੍ਰਬੰਧ ਮੁਕੰਮਲ, ਡੀ.ਸੀ. ਨੇ ਫੁੱਲ ਡਰੈੱਸ ਰਿਹਰਸਲ ਦਾ ਲਿਆ ਜਾਇਜ਼ਾ
15 ਅਗਸਤ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਲਹਿਰਾਉਣਗੇ ਕੌਮੀ ਤਿਰੰਗਾ

ਮਾਲੇਰਕੋਟਲਾ, 13 ਅਗਸਤ ( ਸੂਤਰ )

15 ਅਗਸਤ ਨੂੰ ਸਥਾਨਕ ਡਾ. ਜ਼ਾਕਿਰ ਹੁਸੈਨ ਸਟੇਡੀਅਮ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਗਈਆਂ ਹਨ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੌਮੀ ਤਿਰੰਗਾ ਲਹਿਰਾਉਣਗੇ। ਸਮਾਗਮ ਦੀਆਂ ਤਿਆਰੀਆਂ ਦੀ ਪਰਖ ਲਈ ਸਟੇਡੀਅਮ ਵਿਖੇ ਫੁੱਲ ਡਰੈੱਸ ਰਿਹਰਸਲ ਕਰਵਾਈ ਗਈ, ਜਿਸ ਦਾ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਨਿਰੀਖਣ ਕੀਤਾ।


ਡਿਪਟੀ ਕਮਿਸ਼ਨਰ ਨੇ ਪਰੇਡ, ਮਾਰਚ ਪਾਸਟ, ਝੰਡਾ ਲਹਿਰਾਉਣ ਦੀ ਰਿਹਰਸਲ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਵੱਖ-ਵੱਖ ਪਰੇਡ ਟੁਕੜੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਪੇਸ਼ ਕੀਤਾ ਗਿਆ, ਜਦਕਿ ਸਕੂਲੀ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਜਜ਼ਬੇ ਅਤੇ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੀਆਂ ਪੇਸ਼ਕਾਰੀਆਂ ਰਾਹੀਂ ਰਿਹਰਸਲ ਨੂੰ ਪ੍ਰਭਾਵਸ਼ਾਲੀ ਬਣਾਇਆ।


ਰਿਹਰਸਲ ਉਪਰੰਤ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਸਮਾਗਮ ਦੌਰਾਨ ਆਉਣ ਵਾਲੇ ਮਹਿਮਾਨਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਸਹੂਲਤ ਨੂੰ ਪਹਿਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੁਤੰਤਰਤਾ ਦਿਵਸ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਨ ਦਾ ਪਵਿੱਤਰ ਮੌਕਾ ਹੈ, ਇਸ ਲਈ ਸਮਾਗਮ ਨੂੰ ਪੂਰੇ ਮਾਣ-ਸਨਮਾਨ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਜਾਵੇ।

ਉਨ੍ਹਾਂ ਨੇ ਸੁਰੱਖਿਆ, ਟ੍ਰੈਫਿਕ, ਸਫ਼ਾਈ, ਪੀਣ ਵਾਲੇ ਪਾਣੀ, ਬਿਜਲੀ, ਪਾਰਕਿੰਗ, ਬੈਠਣ ਅਤੇ ਮੈਡੀਕਲ ਸਹੂਲਤਾਂ ਸਮੇਤ ਸਾਰੇ ਪ੍ਰਬੰਧਾਂ ਨੂੰ ਮੁਕੰਮਲ ਰੱਖਣ ਅਤੇ ਵੱਖ-ਵੱਖ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਐਸ.ਐਸ.ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਸਮਾਗਮ ਨੂੰ ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲਿਸ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਆਵਾਜਾਈ ਨੂੰ ਸੁਚਾਰੂ ਰੱਖਣ ਦੇ ਨਾਲ-ਨਾਲ ਸਮਾਗਮ ਵਾਲੇ ਸਥਾਨ ’ਤੇ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਸਹਾਇਕ ਕਮਿਸ਼ਨਰ ਮਨਦੀਪ ਕੌਰ, ਐਸ.ਡੀ.ਐਮ. ਮਾਲੇਰਕੋਟਲਾ ਕਨੂ ਗਰਗ, ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ, ਐਸ.ਪੀ. (ਐਚ) ਗੁਰਸ਼ਰਨਜੀਤ ਸਿੰਘ, ਡੀ.ਐਸ.ਪੀ. ਮਾਨਵਜੀਤ ਸਿੰਘ, ਡੀ.ਐਸ.ਪੀ. ਸਤੀਸ਼ ਕੁਮਾਰ, ਸੀ.ਡੀ.ਪੀ.ਓ. ਪਵਨ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।




