ਡੇਂਗੂ ਵਿਰੁੱਧ ਸਿਹਤ ਵਿਭਾਗ ਅਤੇ ਨਗਰ ਨਿਗਮ ਦੀ ਸਾਂਝੀ ਕਾਰਵਾਈ
ਐਂਟੀ ਡੇਂਗੂ ਟੀਮਾਂ ਨੂੰ ਸਹਿਯੋਗ ਦੇਣ ਲੋਕ : ਡਾ. ਸੁਮੀਤ ਸਿੰਘ

ਅਬੋਹਰ 24 ਜੁਲਾਈ ( ਸੂਤਰ )


ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਦੇ ਨਿਰਦੇਸ਼ਾਂ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ਼ ਅਤੇ ਡਾ. ਕਰਨਬੀਰ ਸਿੰਘ ਦੀ ਅਗਵਾਈ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਮੀਤ ਸਿੰਘ ਦੀ ਦੇਖ-ਰੇਖ ਹੇਠ ਡੇਂਗੂ ਰੋਕਥਾਮ ਮੁਹਿੰਮ ਤਹਿਤ ਅਬੋਹਰ ਵਿਖੇ ਲਗਾਤਾਰ ਐਂਟੀ ਡੇਂਗੂ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਡਾ. ਸੁਮੀਤ ਵੱਲੋਂ ਸਿਹਤ ਕਰਮੀਆਂ, ਨਗਰ ਨਿਗਮ ਦੀ ਟੀਮ ਅਤੇ ਬ੍ਰੀਡਿੰਗ ਚੈਕਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ।

ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਹੁਣ ਤੱਕ ਡੇਂਗੂ ਦੇ ਦੋ ਕੇਸ ਰਿਪੋਰਟ ਹੋਏ ਹਨ। ਸਬੰਧਤ ਏਰੀਆ ਵਿੱਚ ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਐਂਟੀ ਲਾਰਵਾ ਗਤੀਵਿਧੀਆਂ ਕਰਵਾ ਦਿੱਤੀਆਂ ਗਈਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਜਾਰੀ ਰਹਿਣਗੀਆਂ।

ਉਹਨਾਂ ਕਿਹਾ ਕਿ ਬਰਸਾਤੀ ਮੌਸਮ ਵਿੱਚ ਮੱਛਰਾਂ ਦੀ ਪੈਦਾਵਾਰ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਜਰੂਰੀ ਹੈ ਕਿ ਘਰਾਂ ਅਤੇ ਆਲੇ-ਦੁਆਲੇ ਪਾਣੀ ਦੇ ਸੋਮਿਆਂ ਜਿਵੇਂ ਕੁਲਰਾਂ, ਗਮਲਿਆਂ, ਫਰਿਜ ਦੀ ਟਰੇ, ਪਸ਼ੂ-ਪੰਛੀਆਂ ਲਈ ਰੱਖੇ ਗਏ ਪਾਣੀ ਦੇ ਦੋਨਿਆਂ, ਕਬਾੜ ਆਦਿ ਵਿੱਚ ਪਾਣੀ ਨਾ ਜਮ੍ਹਾਂ ਨਾ ਹੋਣ ਦਿੱਤਾ ਜਾਵੇ ਅਤੇ ਹਫਤੇ ਵਿੱਚ ਇੱਕ ਵਾਰ ਇਹਨਾਂ ਨੂੰ ਚੰਗੀ ਤਰਾਂ ਸੁਕਾ ਕੇ ਵਰਤਿਆ ਜਾਵੇ।

ਉਹਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਸਿਹਤ ਕਰਮੀਆਂ ਦੀਆਂ ਟੀਮਾਂ ਵੱਲੋਂ ਵੱਖ-ਵੱਖ ਇਲਾਕਿਆਂ ਜਿਵੇਂ ਪ੍ਰੇਮ ਨਗਰ, ਇਦਗਾਹ ਬਸਤੀ ਅਤੇ ਪੰਜ ਪੀਰ ਏਰੀਆ ਵਿੱਚ ਐਂਟੀ ਡੇਂਗੂ ਗਤੀਵਿਧੀਆਂ, ਸਰਵੇ ਅਤੇ ਫੋਗਿੰਗ ਕਰਵਾਈ ਗਈ। ਡਾ. ਸੁਮੀਤ ਸਿੰਘ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਜਰੂਰੀ ਹੈ ਕਿ ਲੋਕ ਫੀਲਡ ਵਿੱਚ ਮੌਜੂਦ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦੇਣ।

ਇਸ ਮੌਕੇ ਸਿਹਤ ਕਰਮੀਆਂ ਨੇ ਡੇਂਗੂ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਮੱਛਰ ਸਾਫ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ। ਡੇਂਗੂ ਤੋਂ ਬਚਾਅ ਲਈ ਪੂਰੀ ਬਾਜੂ ਅਤੇ ਸ਼ਰੀਰ ਨੂੰ ਢੱਕ ਕੇ ਰੱਖਣ ਵਾਲੇ ਕੱਪੜੇ ਪਾਓ, ਸੋਣ ਵੇਲੇ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰੋ।

ਇਸ ਮੌਕੇ ਡਾ. ਸੁਰੇਸ਼ ਕੰਬੋਜ਼, ਡਾ. ਸੁਬੀਨ ਇੰਦਰ ਕੌਰ, ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਮਨਬੀਰ ਸਿੰਘ, ਐਨਵੀਬੀਡੀਸੀਪੀ ਬ੍ਰਾਂਚ ਇੰਚਾਰਜ ਮਲਟੀ ਪਰਪਜ਼ ਹੈਲਥ ਵਰਕਰ ਟਹਿਲ ਸਿੰਘ, ਪਰਮਜੀਤ ਸਿੰਘ, ਅਮਨਦੀਪ ਸਿੰਘ, ਨਗਰ ਨਿਗਮ ਦੇ ਚੀਫ਼ ਸੈਨੇਟਰੀ ਇੰਸਪੈਕਟਰ ਜਸਵਿੰਦਰ ਸਿੰਘ, ਸ਼ਿਵਾ ਅਤੇ ਬ੍ਰੀਡਿੰਗ ਚੈਕਰ ਮੌਜੂਦ ਸਨ।




