ਰੰਗਲਾ ਪੰਜਾਬ ਸਕੀਮ ਤਹਿਤ ਵਾਰਡ ਨੰਬਰ 39 ਵਿੱਚ ਮੁਫ਼ਤ ਪਬਲਿਕ ਇੰਡੋਰ ਜਿਮ ਲੋਕਾਂ ਨੂੰ ਸਮਰਪਿਤ
ਨੌਜਵਾਨਾਂ ਨੂੰ ਤੰਦਰੁਸਤੀ ਅਤੇ ਨਸ਼ਾ-ਮੁਕਤ ਜੀਵਨ ਵੱਲ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ ਇੰਡੋਰ ਜਿਮ : ਡਾ. ਨਿੱਝਰ

ਅੰਮ੍ਰਿਤਸਰ 20 ਜੁਲਾਈ ( ਸੂਤਰ )

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਭਰ ਵਿੱਚ ਲੋਕਾਂ ਨੂੰ ਆਧੁਨਿਕ ਖੇਡ ਅਤੇ ਤੰਦਰੁਸਤੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਰੰਗਲਾ ਪੰਜਾਬ ਸਕੀਮ ਤਹਿਤ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਾਰਡ ਨੰਬਰ 39 ਸਥਿਤ ਸ੍ਰੀ ਗੁਰੂ ਹਰਿਗੋਬਿੰਦ ਜੀ ਸਟੇਡੀਅਮ ਵਿੱਚ ਸਥਾਪਿਤ ਕੀਤੇ ਗਏ ਮੁਫ਼ਤ ਪਬਲਿਕ ਇੰਡੋਰ ਜਿਮ ਦਾ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਸ੍ਰੀ ਜਤਿੰਦਰ ਸਿੰਘ ਭਾਟੀਆ ਵੱਲੋਂ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ, ਕਸਰਤ ਅਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਇਸੇ ਸੋਚ ਤਹਿਤ ਸਥਾਪਿਤ ਕੀਤਾ ਗਿਆ ਇਹ ਆਧੁਨਿਕ ਇੰਡੋਰ ਜਿਮ ਹਰ ਉਮਰ ਵਰਗ ਦੇ ਲੋਕਾਂ ਲਈ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ, ਜਿਸ ਨਾਲ ਇਲਾਕਾ ਨਿਵਾਸੀ ਆਪਣੀ ਸਰੀਰਕ ਤੰਦਰੁਸਤੀ ਨੂੰ ਹੋਰ ਬਿਹਤਰ ਬਣਾ ਸਕਣਗੇ।

ਡਾ. ਨਿੱਝਰ ਨੇ ਕਿਹਾ ਕਿ ਤੰਦਰੁਸਤ ਨੌਜਵਾਨ ਹੀ ਨਸ਼ਾ-ਮੁਕਤ ਅਤੇ ਖੁਸ਼ਹਾਲ ਪੰਜਾਬ ਦੀ ਮਜ਼ਬੂਤ ਨੀਂਹ ਹਨ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਆਪਣਾ ਸਮਾਂ ਜਿਮ, ਖੇਡਾਂ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਵਿੱਚ ਲਗਾਉਣਗੇ ਤਾਂ ਉਹ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਇੰਡੋਰ ਜਿਮ ਨੌਜਵਾਨਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ ਅਤੇ ਲੋਕਾਂ ਨੂੰ ਆਧੁਨਿਕ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਪਰਿਵਾਰਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਤੰਦਰੁਸਤ ਅਤੇ ਸਕਾਰਾਤਮਕ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ।

ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਜਤਿੰਦਰ ਸਿੰਘ ਭਾਟੀਆ ਨੇ ਵੀ ਇਲਾਕਾ ਨਿਵਾਸੀਆਂ ਨੂੰ ਇਸ ਨਵੀਂ ਸਹੂਲਤ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਜੈਕਟ ਸ਼ਹਿਰ ਵਿੱਚ ਸਿਹਤਮੰਦ ਅਤੇ ਸਰਗਰਮ ਸਮਾਜ ਦੀ ਸਿਰਜਣਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ।

ਇਸ ਮੌਕੇ ਪਾਰਟੀ ਦੇ ਅਹੁਦੇਦਾਰ, ਵਲੰਟੀਅਰ, ਇਲਾਕੇ ਦੇ ਪਤਵੰਤੇ ਵਿਅਕਤੀ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।




