ਪਦਮ ਸ਼੍ਰੀ ਨਾਲ ਸਨਮਾਨਿਤ ਸੰਤ ਨਿਰੰਜਨ ਦਾਸ ਜੀ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ, ਅੰਮ੍ਰਿਤਸਰ ਦੇ ਆਗੂ ਜਗਜੀਤ ਸਿੰਘ ਜੈਂਕੀ ਨੇ ਪ੍ਰਗਟਾਈ ਖੁਸ਼ੀ

ਅੰਮ੍ਰਿਤਸਰ, 17 ਜੁਲਾਈ ( ਸੂਤਰ )

ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਸਨਮਾਨ ਨਾਲ ਨਿਵਾਜੇ ਗਏ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਨੂੰ ਇਸ ਵੱਕਾਰੀ ਸਨਮਾਨ ਦੀ ਪ੍ਰਾਪਤੀ ਉਪਰੰਤ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। ਡੇਰਾ ਸੱਚਖੰਡ ਬੱਲਾਂ ਵਿਖੇ ਵੀ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੇ ਸੰਤ ਨਿਰੰਜਨ ਦਾਸ ਜੀ ਨੂੰ ਸਿਰੋਪੇ ਭੇਟ ਕਰਕੇ ਅਤੇ ਫੁੱਲਾਂ ਨਾਲ ਸਨਮਾਨਿਤ ਕਰਦਿਆਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਅੰਮ੍ਰਿਤਸਰ ਤੋਂ ਸ੍ਰੀ ਗੁਰੂ ਰਵਿਦਾਸ ਭਾਈਚਾਰੇ ਦੇ ਆਗੂ ਜਗਜੀਤ ਸਿੰਘ ਜੈਂਕੀ ਨੇ ਵੀ ਸੰਤ ਨਿਰੰਜਨ ਦਾਸ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨੇ ਪਦਮ ਸ਼੍ਰੀ ਵਰਗੇ ਦੇਸ਼ ਦੇ ਉੱਚ ਨਾਗਰਿਕ ਸਨਮਾਨ ਨਾਲ ਨਿਵਾਜੇ ਜਾਣ ‘ਤੇ ਸੰਤ ਨਿਰੰਜਨ ਦਾਸ ਜੀ ਨੂੰ ਦਿਲੋਂ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਨਮਾਨ ਸਿਰਫ਼ ਸੰਤ ਜੀ ਦਾ ਹੀ ਨਹੀਂ, ਸਗੋਂ ਸਮੁੱਚੇ ਰਵਿਦਾਸੀਆ ਸਮਾਜ, ਪੰਜਾਬ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ।

ਜਗਜੀਤ ਸਿੰਘ ਜੈਂਕੀ ਨੇ ਕਿਹਾ ਕਿ ਸੰਤ ਨਿਰੰਜਨ ਦਾਸ ਜੀ ਨੇ ਦਹਾਕਿਆਂ ਤੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ, ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਵਿਸ਼ਵ ਭਰ ਵਿੱਚ ਪਹੁੰਚਾਉਣ ਲਈ ਅਥਾਹ ਯੋਗਦਾਨ ਪਾਇਆ ਹੈ। ਧਾਰਮਿਕ, ਸਮਾਜਿਕ ਅਤੇ ਮਨੁੱਖੀ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਪਦਮ ਸ਼੍ਰੀ ਸਨਮਾਨ ਪੂਰੀ ਤਰ੍ਹਾਂ ਹੱਕਦਾਰ ਅਤੇ ਪ੍ਰੇਰਣਾਦਾਇਕ ਹੈ।

ਇਸ ਮੌਕੇ ਸੰਤ ਨਿਰੰਜਨ ਦਾਸ ਜੀ ਨੇ ਜਗਜੀਤ ਸਿੰਘ ਜੈਂਕੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਲੋਕ ਭਲਾਈ ਦੇ ਕਾਰਜਾਂ ਵਿੱਚ ਨਿਰੰਤਰ ਯੋਗਦਾਨ ਪਾਉਣ ਦਾ ਅਸ਼ੀਰਵਾਦ ਦਿੱਤਾ। ਨਾਲ ਹੀ ਉਨ੍ਹਾਂ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਜੈਂਕੀ ਨੇ ਸੰਤ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਅਸ਼ੀਰਵਾਦ ਹਮੇਸ਼ਾ ਸਮਾਜ ਸੇਵਾ ਲਈ ਪ੍ਰੇਰਿਤ ਕਰਦਾ ਰਹੇਗਾ।




