ਡਾਕੂਮੈਂਟਰੀ ਸ਼ੋਅ ਰਾਹੀਂ ਲੋਕਾਂ ਨੇ ਜਾਣਿਆ ਸ੍ਰੀ ਗੁਰੂ ਰਵਿਦਾਸ ਜੀ ਦਾ ਜੀਵਨ, ਫਲਸਫਾ ਅਤੇ ਉਪਦੇਸ਼
ਵਿਧਾਨ ਸਭਾ ਹਲਕਾ ਗਿੱਦੜਬਾਹਾ ਪਿੰਡ ਸਾਹਿਬ ਚੰਦ ਅਤੇ ਮੱਲਣ ਵਿਖੇ ਕਰਵਾਏ ਗਏ ਡਾਕੂਮੈਂਟਰੀ ਸ਼ੋਅ

ਸ੍ਰੀ ਮੁਕਤਸਰ ਸਾਹਿਬ 12 ਜੁਲਾਈ ( ਸੂਤਰ )

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਹਨਾਂ ਦੇ ਜੀਵਨ, ਫਲਸਫ਼ੇ ਅਤੇ ਮਹਾਨ ਸਿੱਖਿਆਵਾਂ ਨੂੰ ਘਰ—ਘਰ ਪਹੁੰਚਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਡਾਕੂਮੈਂਟਰੀ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸਾਹਿਬ ਚੰਦ ਅਤੇ ਮੱਲਣ ਵਿਖੇ ਐਲ.ਈ.ਡੀ. ਪ੍ਰਚਾਰ ਵੈਨ ਰਾਹੀਂ ਡਾਕੂਮੈਂਟਰੀ ਸ਼ੋਅ ਕਰਵਾਏ ਗਏ।

ਸੂਬਾ ਸਰਕਾਰ ਵੱਲੋਂ ਇਹ ਮੁਹਿੰਮ ਪੰਜਾਬ ਭਰ ਦੇ ਪਿੰਡਾਂ ਤੱਕ ਗੁਰੂ ਸਾਹਿਬ ਦਾ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦਾ ਸੰਦੇਸ਼ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਹੈ।

ਇਹਨਾਂ ਡਾਕੂਮੈਂਟਰੀ ਸ਼ੋਅ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ, ਨੌਜਵਾਨਾਂ, ਮਹਿਲਾਵਾਂ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ। ਡਾਕੂਮੈਂਟਰੀ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਸੰਘਰਸ਼, ਸਮਾਜਿਕ ਸੁਧਾਰਾਂ, ਬਰਾਬਰੀ, ਸੱਚ, ਕਿਰਤ, ਭਾਈਚਾਰੇ ਅਤੇ ਮਨੁੱਖਤਾ ਦੇ ਉਪਦੇਸ਼ਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ, ਜਿਸ ਨੂੰ ਲੋਕਾਂ ਨੇ ਬਹੁਤ ਧਿਆਨ ਨਾਲ ਦੇਖਿਆ ਅਤੇ ਸਰਾਹਿਆ।

ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਇਸ ਵਿਲੱਖਣ ਅਤੇ ਸ਼ਲਾਘਾਯੋਗ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਡਾਕੂਮੈਂਟਰੀਆਂ ਰਾਹੀਂ ਨਵੀਂ ਪੀੜ੍ਹੀ ਨੂੰ ਮਹਾਨ ਸੰਤਾਂ ਅਤੇ ਗੁਰੂਆਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਮੌਕਾ ਮਿਲਦਾ ਹੈ।




