Uncategorized

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਤਲੁਜ ਦਰਿਆ ਵਿੱਚ ਮੱਛੀਆਂ ਦੇ ਮਰਨ ਦੀ ਜਾਂਚ;

ਮੁੱਢਲੀ ਰਿਪੋਰਟ ‘ਚ ਉਦਯੋਗਿਕ ਪ੍ਰਦੂਸ਼ਣ ਦੀ ਸੰਭਾਵਨਾ ਨੂੰ ਨਕਾਰਿਆ

ਪਟਿਆਲਾ, 25 ਅਪ੍ਰੈਲ ( ਸੂਤਰ )


ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹਰੀਕੇ ਹੈੱਡ ਵਰਕਸ ਦੇ ਨੇੜੇ ਸਤਲੁਜ ਦਰਿਆ ਵਿੱਚ ਮੱਛੀਆਂ ਦੇ ਮਰਨ ਦੀ ਘਟਨਾ ਦੀ ਵਿਸਤ੍ਰਿਤ ਫੀਲਡ ਜਾਂਚ ਮੁਕੰਮਲ ਕਰ ਲਈ ਗਈ ਹੈ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੇ ਨਤੀਜਿਆਂ ਅਨੁਸਾਰ, ਦਰਿਆ ਦੇ ਸੈਂਪਲ ਲਏ ਗਏ ਹਿੱਸੇ ਵਿੱਚ ਅਜਿਹਾ ਕੋਈ ਵੀ ਜ਼ਹਿਰੀਲਾ ਤੱਤ ਨਹੀਂ ਪਾਇਆ ਗਿਆ ਹੈ ਜੋ ਉਦਯੋਗਿਕ ਪ੍ਰਦੂਸ਼ਣ ਵੱਲ ਇਸ਼ਾਰਾ ਕਰਦਾ ਹੋਵੇ।

ਬੁਲਾਰੇ ਨੇ ਅੱਗੇ ਦੱਸਿਆ ਕਿ ਬੋਰਡ ਨੂੰ 3 ਅਪ੍ਰੈਲ ਨੂੰ ਇੱਕ ਵੀਡੀਓ ਪ੍ਰਾਪਤ ਹੋਈ ਸੀ, ਜਿਸ ਵਿੱਚ ਮਰੀਆਂ ਹੋਈਆਂ ਮੱਛੀਆਂ ਦਿਖਾਈ ਦੇ ਰਹੀਆਂ ਸਨ। ਅਗਲੇ ਹੀ ਦਿਨ ਪੀ.ਪੀ.ਸੀ.ਬੀ. ਦੀ ਟੀਮ ਨੇ ਵਿਗਿਆਨਕ ਸਟਾਫ ਅਤੇ ਮੱਛੀ ਪਾਲਣ ਵਿਭਾਗ ਦੇ ਸਹਿਯੋਗ ਨਾਲ ਪਿੰਡ ਗੱਟਾ ਬਾਦਸ਼ਾਹ, ਦੀਨੇਕੇ ਨੇੜੇ ਹਰੀਕੇ ਹੈੱਡ ਵਰਕਸ ਵਾਲੀ ਥਾਂ ਦਾ ਦੌਰਾ ਕੀਤਾ।

ਮੌਕੇ ਦੇ ਨਿਰੀਖਣ ਦੌਰਾਨ ਹਰੀਕੇ ਹੈੱਡ ਵਰਕਸ ਦੇ ਹੇਠਲੇ ਪਾਸੇ (ਡਾਊਨਸਟ੍ਰੀਮ), ਖਾਸ ਕਰਕੇ ਫਿਸ਼ ਲੈਡਰ ਅਤੇ ਬੈਰਾਜ ਦੇ ਕੁਝ ਖਾਸ ਗੇਟਾਂ ਕੋਲ ਮਰੀਆਂ ਹੋਈਆਂ ਮੱਛੀਆਂ ਪਾਈਆਂ ਗਈਆਂ, ਜਦਕਿ ਉੱਪਰਲੇ ਪਾਸੇ (ਅੱਪਸਟ੍ਰੀਮ) ਕੋਈ ਵੀ ਮਰੀ ਹੋਈ ਮੱਛੀ ਨਹੀਂ ਦੇਖੀ ਗਈ।

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਬੁਲਾਰੇ ਨੇ ਕਿਹਾ ਕਿ ਮੁੱਢਲੇ ਟੈਸਟਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਪਾਣੀ ਵਿੱਚ ਆਕਸੀਜਨ ਦੀ ਮਾਤਰਾਅਤੇ ਤੇਜ਼ਾਬੀਪਣ ਦਾ ਪੱਧਰ ਆਮ ਹੈ, ਜੋ ਜਲਜੀ ਜੀਵਾਂ ਲਈ ਢੁਕਵਾਂ ਹੈ। ਸੈਂਪਲਾਂ ਦੀ ਰਿਪੋਰਟ ਵਿੱਚ ਕੋਈ ਗੰਭੀਰ ਜ਼ਹਿਰੀਲਾਪਣ ਨਹੀਂ ਪਾਇਆ ਗਿਆ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਮੱਛੀਆਂ ਦੀ ਮੌਤ ਉਦਯੋਗਿਕ ਪ੍ਰਦੂਸ਼ਣ ਕਾਰਨ ਨਹੀਂ ਹੋਈ। ਪਾਣੀ ਦੇ ਨਮੂਨਿਆਂ ਦੇ ਵਿਸ਼ਲੇਸ਼ਣ ਨੇ ਨਤੀਜੇ ਦਿਖਾਏ, ਜਿਸ ਵਿੱਚ, ਡਿਜ਼ੌਲਵਡ ਆਕਸੀਜਨ (ਡੀਓ) ਦਾ ਪੱਧਰ 6.2 ਤੋਂ 7.7 ਮਿਲੀਗ੍ਰਾਮ ਪ੍ਰਤੀ ਲੀਟਰਦੇ ਵਿਚਕਾਰ ਰਿਹਾ, ਜੋ ਜਲਜੀ ਜੀਵਾਂ ਲਈ ਢੁਕਵਾਂ ਹੈ।

ਪੀ ਐਚ ਪੱਧਰ 6.8 ਤੋਂ 7.5 ਦੇ ਵਿਚਕਾਰ ਸੀ, ਜੋ ਪ੍ਰਵਾਨਿਤ ਸੀਮਾ ਦੇ ਅੰਦਰ ਹੈ। ਭਾਰੀ ਧਾਤਾਂ, ਸੂਖਮ ਤੱਤਾਂ ਅਤੇ ਕੀਟਨਾਸ਼ਕਾਂ ਦੀ ਮਾਤਰਾ ਵੀ ਤੈਅ ਸੀਮਾ ਦੇ ਅੰਦਰ ਪਾਈ ਗਈ। ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ ਇਕੱਠੇ ਕੀਤੇ ਗਏ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਜਾਂਚੇ ਗਏ ਮੱਛੀਆਂ ਦੇ ਨਮੂਨਿਆਂ ਵਿੱਚ ਵੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਕਿਉਂਕਿ ਨਮੂਨੇ ਬਹੁਤ ਜ਼ਿਆਦਾ ਗਲ਼-ਸੜ ਚੁੱਕੇ ਸਨ।

ਪੁਰਾਣੇ ਇਤਿਹਾਸ ਅਨੁਸਾਰ ਅਪ੍ਰੈਲ ਅਤੇ ਮਈ ਦੇ ਮਹੀਨੇ ਮੱਛੀਆਂ ਦੇ ਪ੍ਰਜਨਨ ਦਾ ਸਮਾਂ ਹੁੰਦਾ ਹੈ ਅਤੇ ਇਸ ਦੌਰਾਨ ਮੱਛੀਆਂ ਦਾ ਮਰਨਾ ਇੱਕ ਆਮ ਗੱਲ ਹੈ। ਬੁਲਾਰੇ ਅਨੁਸਾਰ ਬੋਰਡ ਵੱਲੋਂ ਸਤਲੁਜ ਵਿੱਚ ਮੱਛੀਆਂ ਦੇ ਮਰਨ ਦੇ ਹੋਰ ਸਥਾਨਕ ਜਾਂ ਸੰਭਾਵਿਤ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!