Uncategorized

ਅੱਤ ਦੀ ਗਰਮੀ ਦੇ ਮੱਦੇਨਜ਼ਰ ਝੋਨੇ ਦੀ ਲੁਆਈ ਸਮੇਂ ਕਿਸਾਨਾਂ ਲਈ ਜ਼ਰੂਰੀ ਸਲਾਹ

ਝੋਨੇ ਦੀ ਲੁਆਈ ਸਵੇਰੇ ਜਲਦੀ ਜਾਂ ਸ਼ਾਮ ਦੇ ਸਮੇਂ ਕਰਨ ਨੂੰ ਦਿੱਤੀ ਜਾਵੇ ਤਰਜੀਹ: ਮੁੱਖ ਖੇਤੀਬਾੜੀ ਅਫ਼ਸਰ

ਬਰਨਾਲਾ 15 ਜੂਨ ( ਸੂਤਰ )

ਇਨ੍ਹੀਂ ਦਿਨੀਂ ਗਰਮੀ ਅਤੇ ਚੱਲ ਰਹੀਆਂ ਗਰਮ ਹਵਾਵਾਂ ਦੇ ਮੱਦੇਨਜ਼ਰ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਸੁਖਪਾਲ ਸਿੰਘ ਗਿੱਲ ਵੱਲੋਂ ਝੋਨੇ ਦੀ ਲੁਆਈ ਕਰ ਰਹੇ ਕਿਸਾਨਾਂ ਨੂੰ ਵਿਸ਼ੇਸ਼ ਸਲਾਹ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਤਾਪਮਾਨ ਕਾਰਨ ਝੋਨੇ ਦੇ ਨਵੇਂ ਲਾਏ ਬੂਟਿਆਂ ਦੇ ਮਰਨ ਅਤੇ ਪਾਣੀ ਦੀ ਵੱਧ ਖਪਤ ਹੋਣ ਦਾ ਖਦਸ਼ਾ ਰਹਿੰਦਾ ਹੈ, ਇਸ ਲਈ ਕਿਸਾਨ ਲੁਆਈ ਸਮੇਂ ਵਿਗਿਆਨਕ ਸਿਫਾਰਸ਼ਾਂ ਅਤੇ ਤਕਨੀਕੀ ਨੁਕਤਿਆਂ ਦਾ ਵਿਸ਼ੇਸ਼ ਧਿਆਨ ਰੱਖਣ।

ਡਾ. ਗਿੱਲ ਨੇ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਲੁਆਈ ਸਵੇਰੇ ਜਲਦੀ ਜਾਂ ਸ਼ਾਮ ਦੇ ਸਮੇਂ ਕੀਤੀ ਜਾਵੇ ਤਾਂ ਜੋ ਤੇਜ਼ ਧੁੱਪ ਕਾਰਨ ਪਨੀਰੀ ਦੇ ਬੂਟੇ ਕੁਮਲਾਉਣ ਨਾ ਅਤੇ ਉਹ ਜਲਦੀ ਜੜ੍ਹ ਫੜ ਸਕਣ। ਉਨ੍ਹਾਂ ਕਿਹਾ ਕਿ ਲੁਆਈ ਸਮੇਂ ਖੇਤ ਵਿੱਚ ਪਾਣੀ ਬਹੁਤ ਜ਼ਿਆਦਾ ਖੜ੍ਹਾ ਨਾ ਕੀਤਾ ਜਾਵੇ, ਸਗੋਂ ਲੋੜੀਂਦੀ ਨਮੀ ਬਣਾਈ ਰੱਖੀ ਜਾਵੇ ਤਾਂ ਜੋ ਸ਼ੁਰੂਆਤੀ ਦਿਨਾਂ ਵਿੱਚ ਬੂਟਿਆਂ ਨੂੰ ਗਰਮੀ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਖੇਤ ਵਿੱਚ ਸਿਰਫ਼ 25 ਤੋਂ 30 ਦਿਨਾਂ ਦੀ ਤਿਆਰ ਅਤੇ ਸਿਹਤਮੰਦ ਪਨੀਰੀ ਹੀ ਲਗਾਈ ਜਾਵੇ, ਕਿਉਂਕਿ ਵੱਧ ਉਮਰ ਦੀ ਪਨੀਰੀ ਗਰਮੀ ਦੇ ਮੌਸਮ ਵਿੱਚ ਸਹੀ ਢੰਗ ਨਾਲ ਨਹੀਂ ਚੱਲਦੀ ਅਤੇ ਝਾੜ ‘ਤੇ ਵੀ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਰਮੀ ਦੇ ਦਿਨਾਂ ਵਿੱਚ ਯੂਰੀਆ ਦੀ ਅੰਨ੍ਹੇਵਾਹ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ ਅਤੇ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਸੰਤੁਲਿਤ ਖਾਦਾਂ ਦੀ ਵਰਤੋਂ ਕੀਤੀ ਜਾਵੇ।

ਡਾ. ਸੁਖਪਾਲ ਸਿੰਘ ਗਿੱਲ ਨੇ ਕਿਸਾਨਾਂ ਅਤੇ ਖੇਤਾਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਦੀ ਸਿਹਤ ਸਬੰਧੀ ਵੀ ਸੁਚੇਤ ਕਰਦਿਆਂ ਕਿਹਾ ਕਿ ਲੂ ਤੋਂ ਬਚਣ ਲਈ ਲਗਾਤਾਰ ਸਾਫ਼ ਅਤੇ ਠੰਢਾ ਪਾਣੀ, ਓ.ਆਰ.ਐੱਸ. (ORS) ਦਾ ਘੋਲ, ਲੱਸੀ ਜਾਂ ਨਿੰਬੂ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਸਲਾਹ ਦਿੱਤੀ ਕਿ ਦੁਪਹਿਰ ਸਮੇਂ ਬੇਲੋੜੇ ਧੁੱਪ ਵਿੱਚ ਕੰਮ ਕਰਨ ਤੋਂ ਪਰਹੇਜ਼ ਕੀਤਾ ਜਾਵੇ ਅਤੇ ਸਿਰ ਨੂੰ ਕੱਪੜੇ ਜਾਂ ਟੋਪੀ ਨਾਲ ਢਕ ਕੇ ਰੱਖਿਆ ਜਾਵੇ।

ਉਨ੍ਹਾਂ ਕਿਹਾ ਕਿ ਇਸ ਵਾਰ ਗਰਮੀ ਦਾ ਪ੍ਰਕੋਪ ਵਧੇਰੇ ਹੈ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦੀ ਸੰਭਾਲ ਵੀ ਬਹੁਤ ਜ਼ਰੂਰੀ ਹੈ। ਕਿਸਾਨ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਅਤੇ ਸਿਫਾਰਸ਼ ਕੀਤੀਆਂ ਤਕਨੀਕਾਂ ਅਨੁਸਾਰ ਝੋਨੇ ਦੀ ਲੁਆਈ ਕਰਨ ਤਾਂ ਜੋ ਘੱਟ ਪਾਣੀ ਨਾਲ ਵਧੀਆ ਪੈਦਾਵਾਰ ਪ੍ਰਾਪਤ ਕੀਤੀ ਜਾ ਸਕੇ ਅਤੇ ਕੁਦਰਤੀ ਸਰੋਤਾਂ ਦੀ ਵੀ ਸੰਭਾਲ ਹੋ ਸਕੇ।

Related Articles

Leave a Reply

Your email address will not be published. Required fields are marked *

Back to top button
error: Content is protected !!