ਸਰਕਾਰੀ ਖੇਤੀਬਾੜੀ ਯੋਜਨਾਵਾਂ ਦਾ ਲਾਭ ਸੁਖਾਲੇ ਢੰਗ ਨਾਲ ਲੈਣ ਲਈ ਕਿਸਾਨ ਆਪਣੀ ‘ਕਿਸਾਨ ਆਈ.ਡੀ.’ ਜ਼ਰੂਰ ਬਣਵਾਉਣ: ਡਾ. ਹਰਬੰਸ ਸਿੰਘ ਸਿੱਧੂ
ਡਿਜੀਟਲ ਕਿਸਾਨ ਪਛਾਣ ਨਾਲ ਸਰਕਾਰੀ ਸਹਾਇਤਾ ਦੀ ਪਹੁੰਚ ਹੋਵੇਗੀ ਹੋਰ ਸੁਚਾਰੂ ਤੇ ਪਾਰਦਰਸ਼ੀ: ਮੁੱਖ ਖੇਤੀਬਾੜੀ ਅਫ਼ਸਰ

ਮਾਲੇਰਕੋਟਲਾ 8 ਸਤੰਬਰ ( ਸੂਤਰ )

ਮੁੱਖ ਖੇਤੀਬਾੜੀ ਅਫ਼ਸਰ ਮਾਲੇਰਕੋਟਲਾ ਅਤੇ ਸੰਗਰੂਰ ਡਾ. ਹਰਬੰਸ ਸਿੰਘ ਸਿੱਧੂ ਨੇ ਦੋਵਾਂ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਕਿਸਾਨ ਆਈ.ਡੀ. (Kisan ID) ਜਲਦ ਤੋਂ ਜਲਦ ਬਣਵਾਉਣ ਨੂੰ ਤਰਜੀਹ ਦੇਣ, ਤਾਂ ਜੋ ਸਰਕਾਰ ਵੱਲੋਂ ਕਿਸਾਨ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਖੇਤੀਬਾੜੀ ਯੋਜਨਾਵਾਂ ਅਤੇ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।

ਡਾ. ਸਿੱਧੂ ਨੇ ਦੱਸਿਆ ਕਿ ਕਿਸਾਨਾਂ ਦੀ ਡਿਜੀਟਲ ਪਛਾਣ ਤਿਆਰ ਕਰਨ ਦੀ ਪ੍ਰਕਿਰਿਆ ਚਲਾਈ ਜਾ ਰਹੀ ਹੈ। ਕਿਸਾਨ ਆਈ.ਡੀ. ਰਾਹੀਂ ਕਿਸਾਨ ਅਤੇ ਖੇਤੀਬਾੜੀ ਨਾਲ ਸਬੰਧਤ ਲੋੜੀਂਦੀ ਜਾਣਕਾਰੀ ਨੂੰ ਡਿਜੀਟਲ ਰੂਪ ਵਿੱਚ ਦਰਜ ਕਰਨ ਵਿੱਚ ਸਹਾਇਤਾ ਮਿਲੇਗੀ। ਇਸ ਨਾਲ ਵੱਖ-ਵੱਖ ਸਰਕਾਰੀ ਯੋਜਨਾਵਾਂ ਤਹਿਤ ਯੋਗ ਕਿਸਾਨਾਂ ਤੱਕ ਸਹਾਇਤਾ ਅਤੇ ਖੇਤੀ ਸੇਵਾਵਾਂ ਦੀ ਪਹੁੰਚ ਨੂੰ ਹੋਰ ਸੁਚਾਰੂ, ਤੇਜ਼ ਅਤੇ ਪਾਰਦਰਸ਼ੀ ਬਣਾਉਣ ਵਿੱਚ ਮਦਦ ਮਿਲੇਗੀ।

ਉਨ੍ਹਾਂ ਦੱਸਿਆ ਕਿ ਕਿਸਾਨ ਆਈ.ਡੀ. ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀ.ਐਮ.-ਕਿਸਾਨ), ਖੇਤੀ ਮਸ਼ੀਨਰੀ ਅਤੇ ਖੇਤੀ ਸੰਦਾਂ ’ਤੇ ਸਬਸਿਡੀ, ਮਿੱਟੀ ਸਿਹਤ ਪ੍ਰਬੰਧਨ, ਸੂਖਮ ਸਿੰਚਾਈ ਅਤੇ ਫ਼ਸਲੀ ਵਿਭਿੰਨਤਾ ਸਮੇਤ ਵੱਖ-ਵੱਖ ਖੇਤੀਬਾੜੀ ਯੋਜਨਾਵਾਂ ਦਾ ਲਾਭ ਲੈਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿੱਚ ਸਹਾਈ ਹੋਵੇਗੀ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਡਿਜੀਟਲ ਰਿਕਾਰਡ ਉਪਲਬਧ ਹੋਣ ਨਾਲ ਕਿਸਾਨਾਂ ਦੀ ਜ਼ਮੀਨ ਅਤੇ ਖੇਤੀ ਨਾਲ ਸਬੰਧਤ ਵੇਰਵਿਆਂ ਦੀ ਪੜਤਾਲ ਸੁਖਾਲੀ ਹੋਵੇਗੀ ਅਤੇ ਸਰਕਾਰੀ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਵਧੇਗੀ।

ਡਾ. ਸਿੱਧੂ ਨੇ ਮਾਲੇਰਕੋਟਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਆਈ.ਡੀ. ਬਣਵਾਉਣ ਦੇ ਕੰਮ ਨੂੰ ਟਾਲਣ ਦੀ ਬਜਾਏ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਵਾਉਣ, ਤਾਂ ਜੋ ਭਵਿੱਖ ਵਿੱਚ ਕਿਸੇ ਸਰਕਾਰੀ ਖੇਤੀਬਾੜੀ ਯੋਜਨਾ ਜਾਂ ਸਹੂਲਤ ਦਾ ਲਾਭ ਲੈਂਦਿਆਂ ਬੇਲੋੜੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਕਿਸਾਨ ਆਈ.ਡੀ. ਬਣਵਾਉਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਾਂ ਮਾਰਗਦਰਸ਼ਨ ਦੀ ਲੋੜ ਪੈਣ ’ਤੇ ਕਿਸਾਨ ਆਪਣੇ ਨੇੜਲੇ ਖੇਤੀਬਾੜੀ ਦਫ਼ਤਰ ਜਾਂ ਸਬੰਧਤ ਖੇਤੀਬਾੜੀ ਅਧਿਕਾਰੀ/ਕਰਮਚਾਰੀ ਨਾਲ ਸੰਪਰਕ ਕਰ ਸਕਦੇ ਹਨ।



