Uncategorized

ਮੋਹਕਮਪੁਰਾ ਵਿੱਚ ਤਿੰਨ ਗੈਰ-ਅਧਿਕਾਰਤ ਡੇਅਰੀਆਂ ਖ਼ਿਲਾਫ਼ ਨਗਰ ਨਿਗਮ ਅੰਮ੍ਰਿਤਸਰ ਦੀ ਵੱਡੀ ਕਾਰਵਾਈ

ਛੇ ਪਸ਼ੂ ਜ਼ਬਤ ਕਰਕੇ ਗਊਸ਼ਾਲਾ ਭੇਜੇ, ਗੈਰ-ਕਾਨੂੰਨੀ ਡੇਅਰੀਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਜਾਰੀ: ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ

ਅੰਮ੍ਰਿਤਸਰ, 4 ਅਗਸਤ ( ਸੂਤਰ )


ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਪੂਰਬੀ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 22 ਅਧੀਨ ਮੋਹਕਮਪੁਰਾ ਇਲਾਕੇ ਵਿੱਚ ਚੱਲ ਰਹੀਆਂ ਤਿੰਨ ਗੈਰ-ਅਧਿਕਾਰਤ ਡੇਅਰੀਆਂ ਵਿਰੁੱਧ ਵਿਸ਼ੇਸ਼ ਐਨਫੋਰਸਮੈਂਟ ਮੁਹਿੰਮ ਚਲਾਈ ਗਈ। ਇਸ ਦੌਰਾਨ ਛੇ ਪਸ਼ੂ ਜ਼ਬਤ ਕਰਕੇ ਨਗਰ ਨਿਗਮ ਦੀ ਗਊਸ਼ਾਲਾ ਵਿੱਚ ਭੇਜੇ ਗਏ।


ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਨਗਰ ਨਿਗਮ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਮੈਡੀਕਲ ਅਫ਼ਸਰ ਆਫ਼ ਹੈਲਥ (ਐਮਓਐਚ) ਡਾ. ਕਿਰਨ ਦੀ ਨਿਗਰਾਨੀ ਹੇਠ ਕੀਤੀ ਗਈ। ਮੁਹਿੰਮ ਦੌਰਾਨ ਨਗਰ ਨਿਗਮ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਚੱਲ ਰਹੀਆਂ ਤਿੰਨ ਗੈਰ-ਅਧਿਕਾਰਤ ਡੇਅਰੀਆਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

ਹਾਈ ਕੋਰਟ ਦੇ ਹੁਕਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਇਹ ਕਾਰਵਾਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ। ਸਾਂਝੀ ਐਨਫੋਰਸਮੈਂਟ ਟੀਮ ਵਿੱਚ ਨਾਇਬ ਤਹਿਸੀਲਦਾਰ ਸ੍ਰੀ ਅੰਗਦ ਸਿੰਘ, ਮੁੱਖ ਸੈਨਿਟਰੀ ਅਫ਼ਸਰ (ਸੀਐਸਓ) ਸ੍ਰੀ ਜੇ.ਪੀ. ਬੱਬਰ, ਮੁੱਖ ਸੈਨਿਟਰੀ ਇੰਸਪੈਕਟਰ (ਸੀਐਸਆਈ) ਸ੍ਰੀ ਵਿਜੈ ਗਿੱਲ, ਮੁੱਖ ਸੈਨਿਟਰੀ ਇੰਸਪੈਕਟਰ (ਸੀਐਸਆਈ) ਸ੍ਰੀ ਸਰਬਜੀਤ ਸਿੰਘ, ਐਸ.ਆਈ. ਰਵਿੰਦਰ ਕੁਮਾਰ ਸਮੇਤ ਨਗਰ ਨਿਗਮ ਅੰਮ੍ਰਿਤਸਰ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ।

ਨਗਰ ਨਿਗਮ ਕਮਿਸ਼ਨਰ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਰਿਹਾਇਸ਼ੀ ਅਤੇ ਮਨਾਹੀਸ਼ੁਦਾ ਖੇਤਰਾਂ ਵਿੱਚ ਚੱਲ ਰਹੀਆਂ ਗੈਰ-ਅਧਿਕਾਰਤ ਡੇਅਰੀਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗੈਰ-ਕਾਨੂੰਨੀ ਡੇਅਰੀਆਂ ਗੰਦਗੀ ਫੈਲਾਉਣ ਦੇ ਨਾਲ-ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀਆਂ ਹਨ ਅਤੇ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਬਣਦੀਆਂ ਹਨ।

ਉਨ੍ਹਾਂ ਸਾਰੇ ਗੈਰ-ਅਧਿਕਾਰਤ ਡੇਅਰੀ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਡੇਅਰੀਆਂ ਨੂੰ ਤੁਰੰਤ ਫਤਾਹਪੁਰ ਡੇਅਰੀ ਕੰਪਲੈਕਸ ਵਿੱਚ ਤਬਦੀਲ ਕਰਨ, ਜਿਸ ਨੂੰ ਨਗਰ ਨਿਗਮ ਵੱਲੋਂ ਡੇਅਰੀ ਗਤੀਵਿਧੀਆਂ ਲਈ ਅਧਿਕਾਰਤ ਸਥਾਨ ਵਜੋਂ ਵਿਕਸਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੰਪਲੈਕਸ ਵਿੱਚ ਡੇਅਰੀ ਚਲਾਉਣ ਲਈ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਉਪਲਬਧ ਹਨ, ਜਿਸ ਨਾਲ ਸਫ਼ਾਈ, ਵਾਤਾਵਰਣ ਸੁਰੱਖਿਆ ਅਤੇ ਸ਼ਹਿਰ ਵਾਸੀਆਂ ਦੀ ਸਿਹਤ ਦੀ ਰੱਖਿਆ ਯਕੀਨੀ ਬਣਦੀ ਹੈ।

ਕਮਿਸ਼ਨਰ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸ਼ਹਿਰ ਦੀ ਹੱਦ ਅੰਦਰ ਕੋਈ ਵੀ ਗੈਰ-ਅਧਿਕਾਰਤ ਡੇਅਰੀ ਚੱਲਦੀ ਹੋਈ ਮਿਲੀ ਤਾਂ ਉਸ ਵਿਰੁੱਧ ਪਸ਼ੂ ਜ਼ਬਤ ਕਰਨ, ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹੁਣ ਜਾਂ ਹਟਾਉਣ, ਜੁਰਮਾਨੇ ਲਗਾਉਣ ਅਤੇ ਕਾਨੂੰਨ ਅਨੁਸਾਰ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੈਰ-ਅਧਿਕਾਰਤ ਡੇਅਰੀਆਂ ਵਿਰੁੱਧ ਇਹ ਵਿਸ਼ੇਸ਼ ਮੁਹਿੰਮ ਸ਼ਹਿਰ ਦੇ ਸਾਰੇ ਜ਼ੋਨਾਂ ਵਿੱਚ ਲਗਾਤਾਰ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।

ਨਗਰ ਨਿਗਮ ਅੰਮ੍ਰਿਤਸਰ ਨੇ ਸਮੂਹ ਡੇਅਰੀ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਦੇ ਨਿਰਦੇਸ਼ਾਂ ਦੀ ਸਵੈਇੱਛਾ ਨਾਲ ਪਾਲਣਾ ਕਰਦੇ ਹੋਏ ਆਪਣੀਆਂ ਡੇਅਰੀਆਂ ਨੂੰ ਫਤਾਹਪੁਰ ਡੇਅਰੀ ਕੰਪਲੈਕਸ ਵਿੱਚ ਤਬਦੀਲ ਕਰਨ ਅਤੇ ਇੱਕ ਸਾਫ਼-ਸੁਥਰੇ, ਸਿਹਤਮੰਦ ਅਤੇ ਸੁਚੱਜੇ ਅੰਮ੍ਰਿਤਸਰ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾਉਣ।

Related Articles

Leave a Reply

Your email address will not be published. Required fields are marked *

Back to top button
error: Content is protected !!