ਟ੍ਰਾਂਸਜੈਂਡਰ ਪਛਾਣ ਪੱਤਰਾਂ ਨਾਲ ਸਬੰਧਿਤ ਅਰਜ਼ੀਆਂ ਦਾ ਜਲਦ ਨਿਪਟਾਰਾ ਕੀਤਾ ਜਾਵੇ: ਵਿਵੇਕ ਕੁਮਾਰ ਮੋਦੀ
ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲ੍ਹਾ ਟਰਾਂਸਜੈਂਡਰ ਪ੍ਰੋਟੈਕਸ਼ਨ ਸੈੱਲ ਦੀ ਤਿਮਾਹੀ ਮੀਟਿੰਗ

ਬਰਨਾਲਾ 1 ਅਗਸਤ ( ਸੂਤਰ )

ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਵਿਵੇਕ ਕੁਮਾਰ ਮੋਦੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਟਰਾਂਸਜੈਂਡਰ ਪ੍ਰੋਟੈਕਸ਼ਨ ਸੈੱਲ ਦੀ ਤਿਮਾਹੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਟ੍ਰਾਂਸਜੈਂਡਰ ਭਾਈਚਾਰੇ ਦੀ ਸਮਾਜਿਕ ਸੁਰੱਖਿਆ, ਸਿਹਤ, ਸਿੱਖਿਆ, ਰੁਜ਼ਗਾਰ, ਕਾਨੂੰਨੀ ਸਹਾਇਤਾ ਅਤੇ ਪੁਨਰਵਸੇਬੇ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਦੌਰਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤੇਅਵਾਸਪ੍ਰੀਤ ਕੌਰ ਨੂੰ ਟ੍ਰਾਂਸਜੈਂਡਰ ਪਛਾਣ ਪੱਤਰਾਂ ਨਾਲ ਸਬੰਧਿਤ ਅਰਜ਼ੀਆਂ ਦਾ ਜਲਦੀ ਨਿਪਟਾਰਾ ਕਰਨ ਅਤੇ ਗਰਿਮਾ ਗ੍ਰਹਿ (Garima Greh) ਸਕੀਮ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਕੇ ਲੋੜਵੰਦ ਵਿਅਕਤੀਆਂ ਨੂੰ ਇਸ ਸਕੀਮ ਨਾਲ ਜੋੜਨ ਦੀ ਹਦਾਇਤ ਕੀਤੀ ਗਈ। ਪੁਲਿਸ ਵਿਭਾਗ ਨੂੰ ਟ੍ਰਾਂਸਜੈਂਡਰ ਭਾਈਚਾਰੇ ਨਾਲ ਸਬੰਧਿਤ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਗਿਆ, ਜਦਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਕਾਨੂੰਨੀ ਜਾਗਰੂਕਤਾ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਗਏ।

ਸਿੱਖਿਆ ਵਿਭਾਗ ਨੂੰ ਟ੍ਰਾਂਸਜੈਂਡਰ ਬੱਚਿਆਂ ਦੀ ਸਿੱਖਿਆ ਅਤੇ ਦਾਖਲੇ ਨੂੰ ਉਤਸ਼ਾਹਿਤ ਕਰਨ, ਰੁਜ਼ਗਾਰ ਉਤਪਾਦਨ ਅਤੇ ਸਿਖਲਾਈ ਵਿਭਾਗ ਨੂੰ ਹੁਨਰ ਵਿਕਾਸ, ਵੋਕੇਸ਼ਨਲ ਟ੍ਰੇਨਿੰਗ ਅਤੇ ਸਵੈ-ਰੁਜ਼ਗਾਰ ਸਕੀਮਾਂ ਨਾਲ ਜੋੜਨ ਅਤੇ ਸਿਹਤ ਵਿਭਾਗ ਨੂੰ ਟ੍ਰਾਂਸਜੈਂਡਰ ਭਾਈਚਾਰੇ ਲਈ ਸਿਹਤ ਸੇਵਾਵਾਂ ਅਤੇ ਕਾਊਂਸਲਿੰਗ ਸੁਵਿਧਾਵਾਂ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ।

ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਟ੍ਰਾਂਸਜੈਂਡਰ ਭਾਈਚਾਰੇ ਨੂੰ ਵੱਖ-ਵੱਖ ਭਲਾਈ ਸਕੀਮਾਂ ਨਾਲ ਜੋੜਨ ਲਈ ਮਿਤੀ 18 ਅਗਸਤ 2026 ਨੂੰ ਇੱਕ ਵਿਸ਼ੇਸ਼ ਜਾਗਰੂਕਤਾ ਅਤੇ ਸੇਵਾ ਕੈਂਪ ਲਗਾਇਆ ਜਾਵੇਗਾ। ਇਸ ਤੋਂ ਇਲਾਵਾ, ਟ੍ਰਾਂਸਜੈਂਡਰ ਭਾਈਚਾਰੇ ਦੇ ਇੱਕ ਮੈਂਬਰ ਵੱਲੋਂ ਉਠਾਏ ਗਏ ਨਿੱਜੀ ਸ਼ਿਕਾਇਤੀ ਮਾਮਲੇ ਸਬੰਧੀ ਪੁਲਿਸ ਵਿਭਾਗ ਨੂੰ ਨਿਰਪੱਖ ਅਤੇ ਤੁਰੰਤ ਕਾਰਵਾਈ ਕਰਕੇ ਐਕਸ਼ਨ ਟੇਕਨ ਰਿਪੋਰਟ (ATR) ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ।

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਸਬੰਧਤ ਵਿਭਾਗਾਂ ਨੂੰ ਮੀਟਿੰਗ ਵਿੱਚ ਜਾਰੀ ਹਦਾਇਤਾਂ ਦੀ ਸਮੇਂਬੱਧ ਪਾਲਣਾ ਕਰਦਿਆਂ 15 ਦਿਨਾਂ ਦੇ ਅੰਦਰ ਐਕਸ਼ਨ ਟੇਕਨ ਰਿਪੋਰਟ (ATR) ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਨੂੰ ਭੇਜਣ ਲਈ ਨਿਰਦੇਸ਼ ਦਿੱਤੇ ਗਏ।




