Uncategorized

ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾ ਰਹੀ ਪੰਜਾਬ ਸਰਕਾਰ ਦੀ ਰਾਜ ਪੱਧਰੀ ਜਾਗਰੂਕਤਾ ਮੁਹਿੰਮ

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ ਵੱਲੋਂ ਪ੍ਰਚਾਰ ਵੈਨ ਦਾ ਹਫ਼ਤਾਵਾਰੀ ਸ਼ਡਿਊਲ ਜਾਰੀ

ਮਾਲੇਰਕੋਟਲਾ, 20 ਜੁਲਾਈ ( ਵਾਸ਼ਿਸ਼ਟ )

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲਾਈ ਜਾ ਰਹੀ ਰਾਜ ਪੱਧਰੀ ਪ੍ਰਚਾਰ ਮੁਹਿੰਮ ਤਹਿਤ ਪ੍ਰਚਾਰ ਵੈਨ ਬੀਤੀ ਸ਼ਾਮ ਬਲਾਕ ਮਾਲੇਰਕੋਟਲਾ ਦੇ ਪਿੰਡ ਕਲਿਆਣ ਅਤੇ ਜਲਵਾਣਾ ਵਿਖੇ ਪਹੁੰਚੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕਰਦਿਆਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਬਾਣੀ, ਵਿਚਾਰਧਾਰਾ ਅਤੇ ਮਹਾਨ ਉਪਦੇਸ਼ਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਪ੍ਰਸਾਰ ਵੈਨ ਰਾਹੀਂ ਪਿੰਡਾਂ ਵਿੱਚ ਲਗਭਗ 30 ਮਿੰਟ ਦੀ ਡਾਕੂਮੈਂਟਰੀ ਫ਼ਿਲਮ ਦਿਖਾਈ ਗਈ, ਜਿਸ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਆਧਿਆਤਮਿਕ ਵਿਚਾਰਧਾਰਾ ਅਤੇ ਮਨੁੱਖਤਾ, ਸਮਾਨਤਾ, ਸਮਾਜਿਕ ਨਿਆਂ, ਸੇਵਾ, ਭਾਈਚਾਰੇ ਅਤੇ ਸਦਭਾਵਨਾ ਦੇ ਸਰਬਵਿਆਪੀ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਡਾਕੂਮੈਂਟਰੀ ਰਾਹੀਂ ਦਰਸ਼ਕਾਂ ਨੂੰ ਗੁਰੂ ਸਾਹਿਬ ਦੇ ਜੀਵਨ ਦਰਸ਼ਨ ਅਤੇ ਸਮਾਜ ਸੁਧਾਰਕ ਵਿਚਾਰਾਂ ਨਾਲ ਜਾਣੂ ਕਰਵਾਉਂਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।

ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਾਨ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਸਾਰਥਕ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਸੰਦੇਸ਼ ਨਾਲ ਜੋੜਨ ਲਈ ਇਹ ਮੁਹਿੰਮ ਬੇਹੱਦ ਮਹੱਤਵਪੂਰਨ ਹੈ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਹ ਜਾਗਰੂਕਤਾ ਮੁਹਿੰਮ ਸੂਬੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਤਾਰ ਜਾਰੀ ਹੈ। ਇਸ ਦਾ ਉਦੇਸ਼ ਸ੍ਰੀ ਗੁਰੂ ਰਵਿਦਾਸ ਜੀ ਦੇ ਮਹਾਨ ਫ਼ਲਸਫ਼ੇ ਅਤੇ ਮਨੁੱਖਤਾ, ਬਰਾਬਰੀ ਤੇ ਸਦਭਾਵਨਾ ਦੇ ਸੰਦੇਸ਼ ਨੂੰ ਹਰ ਵਰਗ ਤੱਕ ਪਹੁੰਚਾਉਣਾ ਹੈ।

ਉਨਾਂ ਕਿਹਾ ਕਿ ਇਸ ਪ੍ਰਚਾਰ ਵੈਨ ਰਾਹੀ ਹਰ ਰੋਜ ਜ਼ਿਲੇ ਦੇ 2 ਪਿੰਡਾਂ ਵਿੱਚ ਸ਼ਾਮ 6 ਅਤੇ 7 ਵਜੇ ਸ਼ੋਅ ਵਿਖਾਏ ਜਾਣਗੇ, ਇਸੇ ਤਰ੍ਹਾਂ ਕ੍ਰਰਮਵਾਰ 21 ਜੁਲਾਈ ਨੂੰ ਸ਼ੇਰਗੜ੍ਹ ਚੀਮਾਂ ਅਤੇ ਕਾਸਮਪੁਰ, 22 ਜੁਲਾਈ ਨੂੰ ਸੰਦੌੜ ਅਤੇ ਫੌਜੇਵਾਲ, 23 ਜੁਲਾਈ ਨੂੰ ਖੁਰਦ ਅਤੇ ਨਾਥੋਹੇੜੀ, 24 ਜੁਲਾਈ ਨੂੰ ਜਾਤੀਵਾਲ ਅਤੇ ਜਾਤੀਵਾਲ ਅਰਾਈਆਂ, 25 ਜੁਲਾਈ ਨੂੰ ਧਨੋ ਅਤੇ ਅਮਾਮਗੜ੍ਹ, 26 ਜੁਲਾਈ ਨੂੰ ਹਕੀਮਪੁਰਾ ਅਤੇ ਇਲਤਫ਼ਾਤਪੁਰਾ, 27 ਜੁਲਾਈ ਨੂੰ ਸਿਕੰਦਰਪੁਰਾ ਅਤੇ ਅਖ਼ਤਿਆਰਪੁਰਾ, 28 ਜੁਲਾਈ ਨੂੰ ਸੁਲਤਾਨਪੁਰ ਅਤੇ ਮਹੋਲੀ ਕਲਾਂ, 29 ਜੁਲਾਈ ਨੂੰ ਮਹੋਲੀ ਖੁਰਦ ਅਤੇ ਫਰਵਾਲੀ ਅਤੇ 30 ਜੁਲਾਈ ਨੂੰ ਭੂਦਨ ਅਤੇ ਤੱਖਰ ਕਲਾਂ ਵਿਖੇ ਡਾਕੂਮੈਂਟਰੀ ਸ਼ੋਅ ਕਰਵਾਏ ਜਾਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸ੍ਰੀ ਗੁਰੂ ਰਵਿਦਾਸ ਜੀ ਦੇ ਮਹਾਨ ਜੀਵਨ ਅਤੇ ਸੰਦੇਸ਼ ਤੋਂ ਪ੍ਰੇਰਨਾ ਲੈਣ।

Related Articles

Leave a Reply

Your email address will not be published. Required fields are marked *

Back to top button
error: Content is protected !!